ਆਈਜੀ ਦੀ ਨਿਗਰਾਨੀ ਹੇਠ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ
ਮਾਲੇਰਕੋਟਲਾ, 8 ਮਈ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਈਜੀ ਪੁਲੀਸ ਐੱਸਓਜੀ ਪੰਜਾਬ ਗੌਤਮ ਚੀਮਾ ਦੀ ਨਿਗਰਾਨੀ ਹੇਠ ਅੱਜ ਮਾਲੇਰਕੋਟਲਾ ਪੁਲੀਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ਦੇ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਐੱਸਐੱਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ, ਕਪਤਾਨ ਪੁਲੀਸ (ਆਈ) ਸੱਤਪਾਲ ਸ਼ਰਮਾ, ਡੀਐੱਸਪੀ ਅਮਰਗੜ੍ਹ ਦਵਿੰਦਰ ਸਿੰਘ ਸੰਧੂ, ਡੀਐੱਸਪੀ (ਸਪੈਸ਼ਲ ਬ੍ਰਾਂਚ) ਰਣਜੀਤ ਸਿੰਘ, ਐੱਸਐੱਚਓ ਸਿਟੀ-2 ਇੰਸਪੈਕਟਰ ਯਾਦਵਿੰਦਰ ਸਿੰਘ, ਐੱਸਐੱਚਓ ਸੰਦੌੜ ਇੰਸਪੈਕਟਰ ਗਗਨਦੀਪ ਸਿੰਘ ਅਤੇ ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ ਸਣੇ ਕਈ ਹੋਰ ਪੁਲੀਸ ਅਧਿਕਾਰੀਮੌਜੂਦ ਸਨ।
ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਾਹਿਬਜ਼ਾਦਾ ਸਕੂਲ ਨੇੜੇ ਇੱਕ ਮੈਡੀਕਲ ਸਟੋਰ ਦਾ ਮਾਲਕ ਪੁਲੀਸ ਪਾਰਟੀ ਦੇਖ ਕੇ ਸਟੋਰ ਬੰਦ ਕਰਕੇ ਫਰਾਰ ਹੋ ਗਿਆ, ਜਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਆਪਣਾ ਮੋਬਾਈਲ ਫੋਨ ਸਵਿੱਚ ਆਫ ਕਰ ਦਿੱਤਾ, ਜਿਸ ਮਗਰੋਂ ਡਰੱਗ ਇੰਸਪੈਕਟਰ ਨੇ ਕਾਰਵਾਈ ਕਰਦਿਆਂ ਮੈਡੀਕਲ ਸਟੋਰ ਨੂੰ ਸ਼ੱਕ ਦੇ ਆਧਾਰ ’ਤੇ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ।
ਆਈਜੀ ਗੌਤਮ ਚੀਮਾ ਨੇ ਕਿਹਾ ਕਿ ਅੱਜ ਮਾਲੇਰਕੋਟਲਾ ਸ਼ਹਿਰ ਅੰਦਰ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਿਸ਼ਵਾਸ਼ ਦਿਵਾਉਦਿਆਂ ਅਪੀਲ ਕੀਤੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਿਡਰਤਾ ਨਾਲ ਪੁਲੀਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।
ਆਈਜੀ ਅੱਗੇ ਨਸ਼ੀਲੇ ਕੈਪਸੂਲਾਂ ਦਾ ਮਾਮਲਾ ਰੱਖਿਆ
ਜ਼ਿਲ੍ਹਾ ਪੁਲਿਸ ਪ੍ਰਬੰਧਕੀ ਕੰਪਲੈਕਸ ਮਾਲੇਰਕੋਟਲਾ ਦੇ ਮੀਟਿੰਗ ਹਾਲ ’ਚ ਆਈਜੀ ਗੌਤਮ ਚੀਮਾ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਵਿਰੁੱਧ ਮੁਹਿੰਮ ਦੀ ਫ਼ੀਡਬੈਕ ਲੈਣ ਲਈ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਐੱਸਐੱਸਪੀ ਗਗਨਅਜੀਤ ਸਿੰਘ ਤੇ ਹੋਰ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ’ਚ ਸ਼ਹਿਰ ਅੰਦਰ ‘ਚਿੱਟੇ’ ਦੀ ਵਿਕਰੀ ਨੂੰ ਕੁੱਝ ਹੱਦ ਤੱਕ ਠੱਲ੍ਹ ਪੈਣ ਦੇ ਬਾਵਜੂਦ ਮੈਡੀਕਲ ਸਟੋਰਾਂ ਉਪਰ ਸ਼ਰੇਆਮ ਵਿਕ ਰਹੇ ਨਸ਼ੀਲੇ ਕੈਪਸੂਲਾਂ ਦਾ ਮੁੱਦਾ ਪੂਰੇ ਜ਼ੋਰ ਨਾਲ ਉਠਾਇਆ। ਪੱਤਰਕਾਰਾਂ ਵੱਲੋਂ ਉਠਾਏ ਸਵਾਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਆਈਜੀ ਚੀਮਾ ਖੁਦ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਸਣੇ ਤੁਰੰਤ ਮੈਡੀਕਲ ਸਟੋਰਾਂ ਦੀ ਚੈਕਿੰਗ ਕਰਨ ਲਈ ਰਵਾਨਾ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲੀਸ ਵੱਲੋਂ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਦਾ ਪਤਾ ਲਗਦਿਆਂ ਹੀ ਸ਼ਹਿਰ ਅੰਦਰ ਕਈ ਮੈਡੀਕਲ ਸਟੋਰਾਂ ਦੇ ਮਾਲਕ ਤਾਲੇ ਲਗਾ ਕੇ ਗਾਇਬ ਹੋ ਗਏ।