ਅੱਗ ਨਾਲ ਤਿੰਨ ਵਿੱਘੇ ਕਣਕ ਦੀ ਫ਼ਸਲ ਸੜੀ
ਕਰਮਜੀਤ ਸਿੰਘ ਚਿੱਲਾ
ਬਨੂੜ, 5 ਅਪਰੈਲ
ਪਿੰਡ ਮੋਹੀ ਕਲਾਂ ਵਿੱਚ ਅੱਗ ਲੱਗਣ ਕਾਰਨ ਦੋ ਕਿਸਾਨਾਂ ਦੀ ਤਿੰਨ ਵਿੱਘੇ ਕਣਕ ਦੀ ਪੱਕੀ ਫਸਲ ਸੜ ਕੇ ਸਵਾਹ ਹੋ ਗਈ। ਕਿਸਾਨ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਪਰਮਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਮੋਹੀ ਕਲਾਂ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੀ ਤਿੰਨ ਵਿੱਘੇ ਕਣਕ ਦੀ ਫ਼ਸਲ ਬਿਜਲੀ ਦੀ ਤਾਰ ਨਾਲ ਸਪਾਰਕਿੰਗ ਹੋਣ ਕਾਰਨ ਅੱਗ ਦੀ ਭੇਟ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਪਿੰਡ ਮੋਹੀ ਕਲਾਂ ਤੋਂ ਖੇੜੀ ਗੁਰਾਂ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਹੈ। ਬਿਜਲੀ ਦੀ ਸਪਾਰਕਿੰਗ ਹੋਣ ਕਾਰਨ ਚੰਗਿਆੜੀ ਡਿੱਗਣ ਕਾਰਨ ਪੱਕੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਇਸ ਦੌਰਾਨ ਪਿੰਡ ਖੇੜੀ ਗੁਰਨਾ ਦਾ ਵਾਸੀ, ਲਿੰਕ ਸੜਕ ਤੋਂ ਗੁਜ਼ਰ ਰਿਹਾ ਸੀ ਅਤੇ ਉਸ ਨੇ ਅੱਗ ਬਾਰੇ ਤੁਰੰਤ ਪਿੰਡ ਖੇੜੀ ਗੁਰਨਾ ਅਤੇ ਮੋਹੀ ਕਲਾਂ ਦੇ ਵਾਸੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਮਗਰੋਂ ਪਿੰਡਾਂ ਦੇ ਵਾਸੀ ਇਕੱਠੇ ਹੋ ਕੇ ਟਰੈਕਟਰ ਅਤੇ ਹੈਰੋਆਂ ਨਾਲ ਇਸ ਅੱਗ ’ਤੇ ਕਾਬੂ ਪਾਉਣ ਲੱਗ ਗਏ। ਕਾਫ਼ੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਉਸ ਸਮੇਂ ਤੱਕ ਦੋਵਾਂ ਕਿਸਾਨਾਂ ਦੀ ਤਿੰਨ ਵਿੱਘੇ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਜੇ ਇਸ ਘਟਨਾ ਬਾਰੇ ਥੋੜ੍ਹੀ ਦੇਰ ਬਾਅਦ ਪਤਾ ਲੱਗਦਾ ਤਾਂ ਇਲਾਕੇ ਦੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਕਿਸਾਨਾਂ ਨੇ ਪਾਵਰਕੌਮ ਦੇ ਅਧਿਕਾਰੀਆਂ ਤੋਂ ਢਿੱਲੀਆਂ ਤਾਰਾਂ ਨੂੰ ਕੱਸਣ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।