ਅੰਮ੍ਰਿਤਸਰ ਪ੍ਰਸ਼ਾਸਨ ਨੇ 120 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ
ਅੰਮ੍ਰਿਤਸਰ, 8 ਜਨਵਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਮਾਲ ਰੋਡ ਸਥਿਤ ਸਕੂਲ ਆਫ਼ ਐਮੀਨੈਂਸ ਫਾਰ ਗਰਲਜ਼ ਵਿੱਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ। ਇਸ ਮੌਕੇ ਔਰਤਾਂ ਦੀ ਸਿਹਤ, ਸਫ਼ਾਈ ਅਤੇ ਜਾਗਰੂਕਤਾ ਸਬੰਧੀ ਕੈਂਪ ਦੇ ਨਾਲ-ਨਾਲ ਰੁਜ਼ਗਾਰ ਤੇ ਹੁਨਰ ਵਿਕਾਸ ਲਈ ਵਿਸ਼ੇਸ਼ ਕੈਂਪ ਵੀ ਲਾਏ ਗਏ। ਇਸ ਮੌਕੇ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਲੜਕੀਆਂ ਹੀ ਸਹੀ ਅਰਥਾਂ ਵਿੱਚ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀਆਂ ਹਨ। ਲੜਕੇ-ਲੜਕੀ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ ਸਗੋਂ ਧੀਆਂ ਦੀ ਲੋਹੜੀ ਵੀ ਹਰ ਸਾਲ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਮਹਿਲਾ ਸਸ਼ਕਤੀਕਰਨ ਦੀ ਲੋੜ ਹੈ।
ਇਸ ਮੌਕੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਸਹਿਯੋਗ ਨਾਲ 120 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਡੀਸੀ ਸਾਕਸ਼ੀ ਸਾਹਨੀ ਨੇ ਬੱਚੀਆਂ ਨਾਲ ਬੋਲੀਆਂ ਪਾ ਕੇ ਲੋਹੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਕੰਬਲ ਅਤੇ ਲੋਹੜੀ ਨਾਲ ਸਬੰਧਤ ਰਵਾਇਤੀ ਸਾਮਾਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੀਆਂ 15 ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ 5 ਮਹਿਲਾਵਾਂ ਪਿੰਕ ਆਟੋ ਚਾਲਕ ਵੀ ਸਨ। ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੇ ਅਨੁਪਾਤ ਵਿੱਚ ਵਾਧਾ ਹੋਇਆ ਹੈ।
ਇਸ ਮੌਕੇ ਸਿਹਤ ਵਿਭਾਗ ਵਲੋਂ ਔਰਤਾਂ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੇ ਕੈਂਸਰ ਲਈ ਔਰਤਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਮਹਿਲਾਵਾਂ ਨੂੰ ਕੈਂਸਰ ਦੇ ਲੱਛਣਾਂ ਬਾਰੇ ਜਾਗਰੂਕ ਵੀ ਕੀਤਾ ਗਿਆ। ਮਹਿਲਾਵਾਂ ਦੇ ਖੂਨ ਦੇ ਟੈਸਟ ਵੀ ਕੀਤੇ ਗਏ। ਇਸ ਕੈਂਪ ਵਿੱਚ ਲਗਭਗ ਇੱਕ ਹਜ਼ਾਰ ਔਰਤਾਂ ਦੀ ਜਾਂਚ ਕੀਤੀ ਗਈ।
ਸਮਾਗਮ ਮੌਕੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਅੰਮ੍ਰਿਤਸਰ ਵੱਲੋਂ ਰੁਜ਼ਗਾਰ ਅਤੇ ਹੁਨਰ ਵਿਕਾਸ ਸਬੰਧੀ ਕੈਂਪ ਲਗਾ ਕੇ ਲੜਕੀਆਂ ਅਤੇ ਮਹਿਲਾਵਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਜਿਸ ਵਿਚ ਕਰੀਬ 800 ਲੜਕੀਆਂ ਦੇ ਵਿਦਿਅੱਕ ਯੋਗਤਾ ਦੇ ਸਰਟੀਫਿਕੇਟ ਚੈਕ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਨੇ ਦੱਸਿਆ ਕਿ ਮਾਤਰੂ ਵੰਦਨਾ ਯੋਜਨਾ ਤਹਿਤ ਪਹਿਲਾ ਅਤੇ ਦੂਸਰਾ ਬੱਚਾ ਜੇਕਰ ਲੜਕੀ ਹੋਵੇ ਦੇ ਜਨਮ ’ਤੇ ਬੱਚੇ ਦੀ ਮਾਵਾਂ ਨੂੰ 6000 ਰੁਪਏ ਮਿਲਣਯੋਗ ਹਨ।