ਅੰਮ੍ਰਿਤਸਰ: ਚਾਰ ਆਜ਼ਾਦ ਕੌਂਸਲਰ ਆਮ ਆਦਮੀ ਪਾਰਟੀ ’ਚ ਸ਼ਾਮਲ
ਟ੍ਰਿਬਿਉੂਨ ਨਿਉੂਜ ਸਰਵਿਸ
ਅੰਮ੍ਰਿਤਸਰ, 5 ਜਨਵਰੀ
ਅੰਮ੍ਰਿਤਸਰ ਨਗਰ ਨਿਗਮ ’ਚ ਆਮ ਆਦਮੀ ਪਾਰਟੀ (ਆਪ) ਨੂੰ ਮਜ਼ਬੂਤੀ ਮਿਲੀ ਹੈ। ਐਤਵਾਰ ਨੂੰ ਇੱਥੋਂ ਚਾਰ ਆਜ਼ਾਦ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋ ਗਏ। ਚਾਰੋਂ ਕੌਂਸਲਰ ‘ਆਪ’ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਵਾਰਡ ਨੰਬਰ-32 ਤੋਂ ਆਜ਼ਾਦ ਕੌਂਸਲਰ ਜਗਮੀਤ ਸਿੰਘ ਘੁੱਲੀ, ਵਾਰਡ ਨੰਬ-85 ਤੋਂ ਕੌਂਸਲਰ ਨਤਾਸ਼ਾ ਗਿੱਲ, ਵਾਰਡ ਨੰਬਰ-70 ਤੋਂ ਕੌਂਸਲਰ ਵਿਜੈ ਕੁਮਾਰ ਭਗਤ ਅਤੇ ਵਾਰਡ ਨੰਬਰ-4 ਤੋਂ ਕੌਂਸਲਰ ਮਨਦੀਪ ਸਿੰਘ ਔਜਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵੱਜੋਂ ਉਭਰੀ ਸੀ, ਜਿਸਦੇ 85 ਵਾਰਡਾ ਵਿੱਚੋਂ 40 ਕੌਂਸਲਰ ਚੋਣ ਜਿੱਤੇ ਸਨ। ਜਦੋਂ ਕਿ ‘ਆਪ’ ਦੇ 24 ,ਆਜ਼ਾਦ ਕੌਂਸਲਰ 8, ਸ਼੍ਰੋਮਣੀ ਅਕਾਲੀ ਦਲ ਦੇ 4 ਅਤੇ ਭਾਜਪਾ ਦੇ 9 ਕੌਂਸਲਰ ਚੋਣ ਜਿੱਤੇ ਸਨ। ਇਸ ਵੇਲੇ ਕਾਂਗਰਸ ਅਤੇ ‘ਆਪ’ ਵੱਲੋਂ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾਉਣ ਵਾਸਤੇ ਜੱਦੋ-ਜਹਿਦ ਕੀਤੀ ਜਾ ਰਹੀ ਹੈ। ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਪਾਰਟੀ ਦੇ ਵਰਕਿੰਗ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਇਕ ਇੰਦਰਬੀਰ ਸਿੰਘ ਨਿੱਝਰ ਅਤੇ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਅਤੇ ਡਾ. ਸਨੀ ਆਹਲੂਵਾਲੀਆ ਦੀ ਹਾਜ਼ਰੀ ਵਿੱਚ ਸਾਰੇ ਕੌਂਸਲਰਾਂ ਨੂੰ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ‘ਆਪ’ ਵਿੱਚ ਸਵਾਗਤ ਕੀਤਾ। ਸਮੂਹ ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਪੰਜਾਬ ਵਿੱਚ ‘ਆਪ’ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਹਰ ਇੱਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।