ਅੰਬੇਡਕਰ ਯੂਨੀਵਰਸਿਟੀ ’ਚ ਵਿਦਿਆਰਥਣ ਦੀ ਮੁਅੱਤਲੀ ਖ਼ਿਲਾਫ਼ ਧਰਨਾ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਪਰੈਲ
ਅੰਬੇਡਕਰ ਯੂਨੀਵਰਸਿਟੀ ਦਿੱਲੀ ਦੀ ਵਿਦਿਆਰਥਣ ਮਨਤਾਸ਼ਾ ਨੂੰ ਮੁਅੱਤਲ ਕਰਨ ’ਤੇ ’ਵਰਸਿਟੀ ਪ੍ਰਸ਼ਾਸਨ ਦੇ ਫੈ਼ਸਲੇ ਖ਼ਿਲਾਫ਼ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਚੌਥੇ ਦਿਨ ਵੀ ਧਰਨਾ ਲਗਾਤਾਰ ਜਾਰੀ ਹੈ। ਆਇਸਾ ਦੀ ਅੰਬੇਡਕਰ ਯੂਨੀਵਰਸਿਟੀ ਦਿੱਲੀ ਦੀ ਇਕਾਈ ਦੀ ਆਗੂ ਪ੍ਰੇਰਨਾ ਵਤਸ ਨੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਚੱਲ ਰਹੇ ਅਣਮਿੱਥੇ ਸਮੇਂ ਲਈ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਵੇਂ ਵਿਦਿਆਰਥੀ ਸਾਰੀਆਂ ਔਕੜਾਂ ਦੇ ਬਾਵਜੂਦ ਇੱਥੇ ਰਹਿ ਰਹੇ ਹਨ ਅਤੇ ਪਿਛਲੇ 75 ਘੰਟਿਆਂ ਤੋਂ ਦਿਨ-ਰਾਤ ਸੰਘਰਸ਼ ਕਰਦੇ ਰਹਿੰਦੇ ਹਨ। ਹਰ ਤਰ੍ਹਾਂ ਦੇ ਕੀੜੇ-ਮਕੌੜਿਆਂ ਅਤੇ ਮੱਛਰਾਂ ਦੇ ਵਿਚਕਾਰ ਸੜਕਾਂ ’ਤੇ ਬਿਨਾਂ ਗੱਦਿਆਂ ਦੇ ਸੌਣ ਤੋਂ ਬਾਅਦ, ਕਈ ਵਿਦਿਆਰਥੀ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ,‘‘ਮਨਤਾਸ਼ਾ ਦੀ ਮੁਅੱਤਲੀ ਬਾਰੇ ਪ੍ਰੋਕਟਰ ਅਤੇ ਵਿਦਿਆਰਥੀ ਸੇਵਾਵਾਂ ਦੇ ਡੀਨ ਵੱਲੋਂ ਸਾਡੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਮਨਤਾਸ਼ਾ ਨੂੰ ਵਫ਼ਦ ਦੇ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਉਸ ਦੀ ਮੁਅੱਤਲੀ ਰੱਦ ਕਰਨ ਦੀ ਉਸਦੀ ਅਪੀਲ ’ਤੇ ਵਿਚਾਰ ਕਰਨ ਲਈ ਮੀਟਿੰਗ ਲਈ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਸਬੰਧੀ ਜੋ ਮੇਲ ਮਨਤਾਸ਼ਾ ਨੂੰ ਭੇਜੀ ਗਈ ਸੀ, ਉਸ ਵਿਚ ਉਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹੀ ਪ੍ਰੋਕਟੋਰੀਅਲ ਬੋਰਡ, ਜਿਸ ਦੇ ਫ਼ੈਸਲੇ ਲਈ ਉਸ ਨੇ ਅਪੀਲ ਕੀਤੀ ਸੀ, ਉਸ ਨੂੰ ਇਕੱਲੇ ਮਿਲੇ।’’ ਇਹ ਮੀਟਿੰਗ ਕੱਲ੍ਹ ਦੁਪਹਿਰ 3 ਵਜੇ ਸਰਕਾਰੀ ਸੰਚਾਰ ਰਾਹੀਂ ਤੈਅ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹਾਲਾਂਕਿ, ਅਜਿਹੀ ਕੋਈ ਮੀਟਿੰਗ ਨਹੀਂ ਰੱਖੀ ਗਈ ਸੀ ਜੋ ਉਸ ਦੀ ਮੁਅੱਤਲੀ ਨੂੰ ਰੱਦ ਕਰਨ ਵਿੱਚ ਕਿਸੇ ਕਿਸਮ ਦਾ ਯੋਗਦਾਨ ਪਾਉਣ।
ਉਨ੍ਹਾਂ ਨੇ ਵਿਦਿਆਰਥੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਨਾਜ਼ੁਕ ਸਮੇਂ ’ਤੇ ਇਕੱਠੇ ਹੋਣ ਅਤੇ ਸਾਡੇ ਕੈਂਪਸ ਨੂੰ ਤਾਨਾਸ਼ਾਹੀ ਵਿੱਚ ਬਦਲਣ ’ਤੇ ਪ੍ਰਸ਼ਾਸਨ ਨੂੰ ਸਵਾਲ ਕਰਨ ਅਤੇ ਅੰਬੇਡਕਰ ਯੂਨੀਵਰਸਿਟੀ ਦਿੱਲੀ ਵਿੱਚ ਕੈਂਪਸ ਜਮਹੂਰੀਅਤ ਲਈ ਅਣਮਿੱਥੇ ਸਮੇਂ ਲਈ ਲੜ ਰਹੇ ਮੰਤਾਸ਼ਾ ਅਤੇ ਵਿਦਿਆਰਥੀਆਂ ਨਾਲ ਇਕਮੁੱਠਤਾ ਵਿੱਚ ਖੜ੍ਹੇ ਹੋਣ। ਆਇਸਾ ਵੱਲੋਂ ਐਲਾਨ ਕੀਤਾ ਗਿਆ ਧਰਨਾ ਉਦੋਂ ਤੱਕ ਜਾਰੀ ਰੱਖਾਂਗੇ, ਜਦੋਂ ਤੱਕ ਮਨਤਾਸ਼ਾ ਦੀ ਮੁਅੱਤਲੀ ਨੂੰ ਰੱਦ ਨਹੀਂ ਕੀਤਾ ਜਾਂਦਾ ਅਤੇ ਕੈਂਪਸ ਵਿੱਚ ਪ੍ਰਗਤੀਵਾਦ ’ਤੇ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁਅੱਤਲੀ ਰੱਦ ਹੋਣ ਤੱਕ ਇਕ ਇੰਚ ਵੀ ਪਿੱਛੇ ਨਹੀਂ ਹਟਣਾ।