ਅਫ਼ੀਮ ਤਸਕਰੀ: ਡਾਕਖਾਨੇ ਦਾ ਮੁਲਾਜ਼ਮ ਕਾਬੂ
ਪੱਤਰ ਪ੍ਰੇਰਕ
ਨਵਾਂਸ਼ਹਿਰ, 5 ਫ਼ਰਵਰੀ
ਥਾਣਾ ਸਦਰ ਨਵਾਂਸ਼ਹਿਰ ਪੁਲੀਸ ਵੱਲੋਂ ਵਿਦੇਸ਼ਾਂ ਵਿੱਚ ਡਾਕ ਪਾਰਸਲ ਰਾਹੀਂ ਅਫ਼ੀਮ ਸਮਗਲਿੰਗ ਕਰਨ ਦੇ ਦੋਸ਼ ਵਿੱਚ ਡਾਕਖਾਨੇ ਦੇ ਮੁਲਾਜ਼ਮ ਨੂੰ ਕਾਬੂ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇੱਕ ਫ਼ਰਵਰੀ ਨੂੰ ਐੱਸਆਈ ਸਤਨਾਮ ਸਿੰਘ ਨੇ ਸਣੇ ਪੁਲੀਸ ਪਾਰਟੀ ਚੈਕਿੰਗ ਸਬੰਧੀ ਪਿੰਡ ਮੱਲਪੁਰ ਅੜਕਾਂ ਬੱਸ ਅੱਡੇ ‘ਤੇ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਭੁਪਿੰਦਰ ਸਿੰਘ ਉਰਫ ਭੂਰੀ ਵਾਸੀ ਬੈਂਸਾਂ, ਉਹ ਡਾਕਖਾਨਾ ਨਵਾਂਸ਼ਹਿਰ ਵਿੱਚ ਲੱਗੇ ਕਰਮਚਾਰੀ ਬਰਜਿੰਦਰ ਕੁਮਾਰ ਵਾਸੀ ਲਧਾਣਾ ਉੱਚਾ ਨਾਲ ਰਲ ਕੇ ਅਫ਼ੀਮ ਦੀ ਤਸਕਰੀ ਕੋਰੀਅਰ ਰਾਹੀਂ ਕਰਦਾ ਹੈ। ਪੁਲੀਸ ਪਾਰਟੀ ਵੱਲੋਂ ਜਦੋਂ ਨਵਾਂਸ਼ਹਿਰ ਡਾਕਘਰ ਵਿਚ ਕੰਮ ਕਰਦੇ ਬਰਜਿੰਦਰ ਕੁਮਾਰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਭੁਪਿੰਦਰ ਉਰਫ ਭੂਰੀ ਦੇ ਕਹਿਣ ‘ਤੇ 31 ਜਨਵਰੀ ਨੂੰ ਅਫ਼ੀਮ ਦੇ 450, 450 ਗ੍ਰਾਮ ਦੇ ਦੋ ਪਾਰਸਲ ਡਾਕਖਾਨਾ ਕਾਹਮਾ ਤੋਂ ਕੈਨੇਡਾ ਅਤੇ ਇਟਲੀ ਲਈ ਕੋਰੀਅਰ ਕੀਤੇ ਸਨ। ਇਸ ਕੰਮ ਬਦਲੇ ਭੂਰੀ ਨੇ ਵਿਦੇਸ਼ ਤੋਂ ਉਸ ਦੇ ਬੈਂਕ ਖਾਤੇ ਵਿੱਚ 60,000/ ਰੁਪਏ ਪੁਆਏ ਸਨ। ਪੁਲੀਸ ਨੇ ਤੁਰੰਤ ਕਸਟਮ ਵਿਭਾਗ, ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਨਵੀਂ ਦਿੱਲੀ ਨਾਲ ਤਾਲਮੇਲ ਕੀਤਾ ਅਤੇ ਜਿਸ ਦੇ ਅਧਾਰ ‘ਤੇ ਕਸਟਮ ਵਿਭਾਗ ਵੱਲੋਂ ਦੋ ਕੋਰੀਅਰ 450, 450 ਗ੍ਰਾਮ ਅਫ਼ੀਮ ਜ਼ਬਤ ਕੀਤੀ ਹੈ। ਪੁਲੀਸ ਵਲੋਂ ਬਰਜਿੰਦਰ ਸਿੰਘ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ, ਭੁਪਿੰਦਰ ਸਿੰਘ ਉਰਫ ਭੂਰੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।