ਨਿੱਜੀ ਪੱਤਰ ਪ੍ਰੇਰਕਲੁਧਿਆਣਾ, 29 ਦਸੰਬਰਮਰਹੂਮ ਡਾ. ਸਰੂਪ ਸਿੰਘ ਅਲੱਗ ਵੱਲੋਂ ਆਰੰਭੇ ਸ਼ਬਦ ਲੰਗਰ ਤਹਿਤ ਅੱਜ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਫਤਿਹਗੜ੍ਹ ਸਾਹਿਬ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਜਾ ਰਹੀ ਸੰਗਤ ਨੂੰ ਧਾਰਮਿਕ ਪੁਸਤਕਾਂ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਡਾ. ਅਲੱਗ ਦੀਆਂ ਵਿਸ਼ਵ ਪ੍ਰਸਿੱਧ ਪੁਸਤਕਾਂ ਸਿੱਖੀ ਮਹਾਨ, ਸਿਖਾਂ ਦੀ ਵਿਚਿੱਤਰ ਗਾਥਾ, ਚੜ੍ਹਦੀਕਲਾ ਤੇ ਖਾਲਸੇ ਦੀ ਸਿਰਜਣਾ ਇੱਕ ਵਰਦਾਨ ਬਹੁਤ ਵਡੀ ਤਦਾਦ ਵਿੱਚ ਸੰਗਤ ਨੂੰ ਭੇਟਾ ਰਹਿਤ ਸਤਿਕਾਰ ਨਾਲ ਭੇਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਡਾ. ਸਰੂਪ ਸਿੰਘ ਅਲੱਗ ਪਹਿਲੇ ਸਿੱਖ ਹੋਏ ਹਨ ਜਿਨ੍ਹਾਂ ਨੇ ਸ਼ਬਦ ਲੰਗਰ ਦੀ ਸੇਵਾ ਤਕਰੀਬਨ 40 ਸਾਲ ਪਹਿਲਾਂ ਆਰੰਭ ਕੀਤੀ ਸੀ ਅਤੇ ਅੱਜ ਵੀ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੁਖਿੰਦਰ ਪਾਲ ਸਿੰਘ ਅਲੱਗ ਤੇ ਡਾ. ਰਮਿੰਦਰ ਦੀਪ ਸਿੰਘ ਅਲੱਗ ਸ਼ਬਦ ਲੰਗਰ ਦੀ ਸੇਵਾ ਨਿਭਾਅ ਰਹੇ ਹਨ। ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸੰਗਤ ਨੇ ਡਾ. ਅਲੱਗ ਅਤੇ ਉਨ੍ਹਾਂ ਵੱਲੋਂ ਆਰੰਭੇ ਨਿਸ਼ਕਾਮ ਕੌਮੀ ਕਾਰਜਾਂ ਨੂੰ ਯਾਦ ਕੀਤਾ। ਡਾ. ਅਲੱਗ ਨੇ ਗੁਰਮਤਿ ਨਾਲ ਸਬੰਧਤ 11 ਪੁਸਤਕਾਂ ਲਿਖੀਆਂ ਹਨ।