ਅਰਥਸ਼ਾਸਤਰੀਆਂ ਵੱਲੋਂ ਪੰਜਾਬ ਬਜਟ ਦਿਸ਼ਾਹੀਣ ਕਰਾਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਮਾਰਚ
ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਆਪਣੇ ਚੌਥੇ ਬਜਟ ਸਬੰਧੀ ਗੱਲ ਕਰਨ ’ਤੇ ਵੱਖ-ਵੱਖ ਅਰਥਸ਼ਾਸਤਰੀਆਂ ਨੇ ਇਸ ਬਜਟ ਨੂੰ ਦਿਸ਼ਾਹੀਣ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ’ਚ ਨਵਾਂ ਕੁਝ ਵੀ ਨਹੀਂ। ਬਲਕਿ ਕਰਜ਼ੇ ਦੇ ਹਵਾਲੇ ਨਾਲ ਇਸ ਨੂੰ 2 ਲੱਖ 36 ਹਜ਼ਾਰ ਕਰੋੜ ਦੀ ਥਾਂ 1 ਲੱਖ 17 ਹਜ਼ਾਰ ਕਰੋੜ ਦਾ ਬਜਟ ਹੀ ਗਰਦਾਨਿਆ। ਅਰਥਸ਼ਾਸਤਰੀਆਂ ਦਾ ਇਹ ਵੀ ਕਹਿਣਾ ਸੀ ਕਿ ਇਸ ਤੋਂ ਇਲਾਵਾ ਸਰਕਾਰ ਨੇ ਇਸ ਬਜਟ ’ਚ ਜਿਥੇ ਆਪਣੇ ਐਲਾਨਨਾਮੇ ਮੁਤਾਬਿਕ ਸਿਹਤ ਅਤੇ ਸਿੱਖਿਆ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ, ਉਥੇ ਹੀ ਐਤਕੀ ਮੁੱਖ ਤੌਰ ’ਤੇ ਕਿਸੇ ਵੀ ਵਰਗ ਲਈ ਵਿਸ਼ੇਸ਼ ਤੌਰ ’ਤੇ ਕੁਝ ਨਹੀਂ ਰੱਖਿਆ।
ਇਸ ਸਬੰਧੀ ਪ੍ਰੋਫੈਸਰ ਤੇ ਉੱਘੇ ਅਰਥਸ਼ਾਸਤਰੀਆਂ ਡਾ. ਗਿਆਨ ਸਿੰਘ, ਡਾ. ਕੇਸਰ ਸਿੰਘ ਭੰਗੂ, ਡਾ. ਬਲਵਿੰਦਰ ਟਿਵਾਣਾ ਦੇ ਨਾਲ ਗੱਲਬਾਤ ਹੋਈ। ਡਾ. ਗਿਆਨ ਸਿੰਘ ਨੇ ਭਾਵੇਂ ਨਸ਼ਿਆਂ ਪ੍ਰਤੀ ਸਰਵੇ ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਪਰ ਇਸ ਸਬੰਧੀ ਰੱਖੇ ਫੰਡ ਨਾ ਮਾਤਰ ਕਰਾਰ ਦਿੱਤੇ। ਨਾਲ ਹੀ ਇਹ ਵੀ ਕਿਹਾ ਕਿ ਗੱਲਾਂ ਤਾਂ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਦੇਣ ਦੀਆਂ ਕੀਤੀਆਂ ਗਈਆਂ ਸਨ, ਕੀਤਾ ਕੁੁਝ ਵੀ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਸਿੱਖਿਆ ਲਈ ਜਿਥੇ ਕੁੱਲ ਬਜਟ ਦਾ 6 ਫ਼ੀਸਦੀ ਹਿੱਸਾ ਹੋਣਾ ਚਾਹੀਦਾ ਹੈ, ਉਥੇ ਰੱਖਿਆ ਢਾਈ ਫੀਸਦੀ ਤੋਂ ਵੀ ਘੱਟ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਸਿਹਤ ਸੇਵਾਵਾਂ ਲਈ ਲੋੜੀਂਦੇ 3 ਫ਼ੀਸਦੀ ਦੀ ਥਾਂ ਕੇਵਲ .7 ਫ਼ੀਸਦੀ ਰੁਪਏ ਬਜਟ ਵਿੱਚ ਰੱਖੇ ਜਾਣ ਦੀ ਕਾਰਵਾਈ ਨੂੰ ਸਰਕਾਰ ਦੇ ਸਿਹਤ ਅਤੇ ਸਿੱਖਿਆ ਨੂੰ ਤਰਜੀਹ ਦੇਣ ਦੇ ਦਾਅਵੇ ਖੋਖਲੇ ਕਰਾਰ ਦਿੱਤੇ।
ਡਾ. ਕੇਸਰ ਸਿੰਘ ਭੰਗੂ ਦਾ ਤਰਕ ਸੀ ਕਿ ਇਸ ਨੂੰ 2 ਲੱਖ 36 ਹਜ਼ਾਰ ਕਰੋੜ ਦੀ ਥਾਂ 1 ਲੱਖ 17 ਹਜ਼ਾਰ ਕਰੋੜ ਦਾ ਬਜਟ ਕਹਿਣਾ ਚਾਹੀਦਾ ਹੈ, ਕਿਉਂਕਿ 1 ਲੱਖ 19 ਹਜ਼ਾਰ ਕਰੋੜ ਦਾ ਤਾਂ ਕਰਜ਼ਾ ਹੀ ਹੈ। ਉਨ੍ਹਾਂ ਕਿਹਾ ਖੇਤੀ ਸੈਕਟਰ ਲਈ ਰੱਖੇ 1 ਲੱਖ 5524 ਹਜ਼ਾਰ ਕਰੋੜ ਵਿੱਚੋਂ 9992 ਹਜ਼ਾਰ ਕਰੋੜ ਤਾਂ ਸਿੱਧੇ ਰੂਪ ਵਿੱਚ ਖੇਤੀ ਟਿਊਬਵੈਲਾਂ ਦੀ ਬਿਜਲੀ ਸਬਸਿਡੀ ਦੇ ਹੀ ਨਿਕਲ ਗਏ। ਇਸੇ ਤਰ੍ਹਾਂ ਪ੍ਰੋ. ਬਲਵਿੰਦਰ ਟਿਵਾਣਾ ਦਾ ਕਹਿਣਾ ਸੀ ਕਿ ਇਸ ਬਜਟ ਵਿੱਚ ਹੋਰ ਕਿਸੇ ਲਈ ਵੀ ਕੁਝ ਨਹੀਂ ਰੱਖਿਆ ਗਿਆ।