ਅਮਰੀਕਾ ਨਾਲ ਕਾਰੋਬਾਰੀ ਘਾਟਾ ਖ਼ਤਮ ਕਰਾਂਗੇ: ਨੇਤਨਯਾਹੂ
ਵਾਸ਼ਿੰਗਟਨ ਡੀਸੀ (ਅਮਰੀਕਾ), 8 ਅਪਰੈਲ
ਇੱਥੇ ਵਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਦੁਵੱਲੀ ਗੱਲਬਾਤ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਕਿ ਇਜ਼ਰਾਈਲ ਬਹੁਤ ਜਲਦੀ ਹੀ ਅਮਰੀਕਾ ਨਾਲ ਕਾਰੋਬਾਰੀ ਘਾਟਾ ਖ਼ਤਮ ਕਰਨ ਲਈ ਕੰਮ ਕਰੇਗਾ। ਸ੍ਰੀ ਨੇਤਨਯਾਹੂ ਨੇ ਕਿਹਾ,‘ਅਸੀਂ ਅਮਰੀਕਾ ਨਾਲ ਕਾਰੋਬਾਰੀ ਘਾਟਾ ਬਹੁਤ ਜਲਦੀ ਹੀ ਖ਼ਤਮ ਕਰਾਂਗੇ। ਸਾਡਾ ਮੰਨਣਾ ਹੈ ਕਿ ਅਜਿਹਾ ਕਰਨਾ ਸਹੀ ਹੈ ਤੇ ਅਸੀਂ ਕਾਰੋਬਾਰੀ ਅੜਿੱਕੇ ਵੀ ਖ਼ਤਮ ਕਰਾਂਗੇ।’ ਉਨ੍ਹਾਂ ਕਿਹਾ ਕਿ ਇਜ਼ਰਾਈਲ ਉਨ੍ਹਾਂ ਮੁਲਕਾਂ ਲਈ ਮਾਡਲ ਵਜੋਂ ਕੰਮ ਕਰ ਸਕਦਾ ਹੈ, ਜਿਹੜੇ ਅਜਿਹੀ ਹੀ ਕਾਰਵਾਈ ਕਰਨ ਦੇ ਇੱਛੁਕ ਹਨ।
ਇਸ ਦੌਰਾਨ ਸ੍ਰੀ ਨੇਤਨਯਾਹੂ ਨੇ ਰਾਸ਼ਟਰਪਤੀ ਟਰੰਪ ਵੱਲੋਂ ਉਨ੍ਹਾਂ ਨੂੰ ਵਾਈਟ ਹਾਊਸ ਸੱਦਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੁੰ ਇਜ਼ਰਾਈਲ ਦਾ ‘ਸ਼ਾਨਦਾਰ ਦੋਸਤ’ ਆਖਿਆ ਤੇ ਕਿਹਾ ਕਿ ਉਹ ਆਪਣੇ ਵਾਅਦੇ ਪੂਰੇ ਕਰਦੇ ਹਨ।
ਇਸ ਦੌਰਾਨ, ਮੀਟਿੰਗ ’ਚ ਰਾਸ਼ਟਰਪਤੀ ਟਰੰਪ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਰੀਕਾ, ਤਜਵੀਜ਼ਤ ਪਰਮਾਣੂ ਸਮਝੌਤੇ ਸਬੰਧੀ ਇਰਾਨ ਨਾਲ ਸਿੱਧੀ ਗੱਲਬਾਤ ਕਰਨ ਦੀ ਤਿਆਰੀ ’ਚ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਮਝੌਤਾ ਕਰਨਾ ਸਪੱਸ਼ਟ ਤੌਰ ’ਤੇ ‘ਢੁੱਕਵਾਂ ਵਿਕਲਪ’ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਸ੍ਰੀ ਟਰੰਪ ਨੇ ਇਰਾਨ ਨੂੰ ਸੰਭਾਵਿਤ ਹਮਲੇ ਦੀ ਚਿਤਾਵਨੀ ਦਿੱਤੀ ਸੀ। ‘ਐੱਨਬੀਸੀ’ ਨੂੰ ਟੈਲੀਫੋਨ ’ਤੇ ਦਿੱਤੀ ਇੰਟਰਵਿਊ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ, ਇਰਾਨ ਨੂੰ ਦੋ ਕੁ ਹਫ਼ਤਿਆਂ ਦਾ ਸਮਾਂ ਦੇਵੇਗਾ ਤੇ ਸਮਝੌਤੇ ’ਤੇ ਹੋਈ ਕਾਰਵਾਈ ਮੁਤਾਬਕ ਕਾਰਵਾਈ ਕਰੇਗਾ। ਉਨ੍ਹਾਂ ਕਿਹਾ,‘ਜੇਕਰ ਉਹ ਸਮਝੌਤਾ ਨਹੀਂ ਕਰਦਾ ਤਾਂ ਬੰਬਾਰੀ ਕੀਤੀ ਜਾਵੇਗੀ। ਇਹ ਅਜਿਹਾ ਹਮਲਾ ਹੋਵੇਗਾ, ਜਿਹੜਾ ਉਸਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।’ ਰਾਸ਼ਟਰਪਤੀ ਟਰੰਪ ਨੇ ਸਮਝੌਤੇ ਦੀ ਸੰਭਾਵਨਾ ਜ਼ਾਹਰ ਕਰਦਿਆਂ ਕਿਹਾ ਕਿ ਇਰਾਨ ਇਹ ਸਮਝੌਤਾ ਕਰ ਲਵੇਗਾ ਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਗੱਲ ਚੰਗੀ ਨਹੀਂ ਹੋਵੇਗੀ। -ਏਐੱਨਆਈ