For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਪ੍ਰੈੱਸ ਲਾਏਗੀ ਸ਼੍ਰੋਮਣੀ ਕਮੇਟੀ

08:55 AM Sep 06, 2023 IST
ਅਮਰੀਕਾ ’ਚ ਪ੍ਰੈੱਸ ਲਾਏਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਧਾਮੀ। -ਫੋਟੋ: ਵਿਸ਼ਾਲ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਸਤੰਬਰ
ਸ਼੍ਰੋਮਣੀ ਕਮੇਟੀ ਨੇ ਇਕ ਵਾਰ ਮੁੜ ਅਮਰੀਕਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖੁਦ ਪ੍ਰਕਾਸ਼ਿਤ ਕਰਨ ਲਈ ਆਪਣੀ ਪ੍ਰੈੱਸ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰੈੱਸ ਕੈਲੀਫੋਰਨੀਆ ਦੇ ਟ੍ਰੇਸੀ ਸ਼ਹਿਰ ’ਚ ਲਗਾਈ ਜਾਵੇਗੀ ਅਤੇ ਇਥੇ ਧਰਮ ਪ੍ਰਚਾਰ ਕੇਂਦਰ ਬਣਾਇਆ ਜਾਵੇਗਾ। ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ। ਇਸ ਦੌਰਾਨ ਮੁਲਾਜ਼ਮਾਂ ਨੂੰ 4 ਫੀਸਦੀ ਮਹਿੰਗਾਈ ਭੱਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵਰਗੀ ਦੀਦਾਰ ਸਿੰਘ ਬੈਂਸ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਯੂਬਾਸਿਟੀ ਵਿੱਚ 14.5 ਏਕੜ ਜ਼ਮੀਨ ਦਿੱਤੀ ਗਈ ਸੀ, ਜਿੱਥੇ ਧਰਮ ਪ੍ਰਚਾਰ ਕੇਂਦਰ ਬਣਾ ਕੇ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਪਰਵਾਸੀ ਸਿੱਖ ਗਿਆਨ ਸਿੰਘ ਸੰਧੂ ਕੈਨੇਡਾ ਅਤੇ ਉੱਘੇ ਕਾਰੋਬਾਰੀ ਕਰਨੈਲ ਸਿੰਘ ਸੰਧੂ ਅਮਰੀਕਾ ਵੱਲੋਂ ਕੀਤੀ ਗਈ ਪੇਸ਼ਕਸ਼ ਅਨੁਸਾਰ ਕੈਲੇਫੋਰਨੀਆ ਦੇ ਟ੍ਰੇਸੀ ਵਿੱਚ ਵੀ ਸ਼੍ਰੋਮਣੀ ਕਮੇਟੀ ਦਾ ਇੱਕ ਕੇਂਦਰ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਸਟਰੇਲੀਆ ਵਿੱਚ ਸੰਗਤ ਦੀ ਮੰਗ ਅਨੁਸਾਰ ਵਿਸ਼ੇਸ਼ ਬੱਸ ਵਿੱਚ ਮਰਿਆਦਾ ਅਨੁਸਾਰ ਸੁਸ਼ੋਭਿਤ ਕਰ ਕੇ 220 ਪਾਵਨ ਸਰੂਪ ਸੁਮੰਦਰੀ ਜਹਾਜ਼ ਰਾਹੀਂ ਭੇਜੇ ਜਾਣਗੇ। ਅੰਤ੍ਰਿੰਗ ਕਮੇਟੀ ਦੇ ਹੋਰ ਫ਼ੈਸਲਿਆਂ ਬਾਰੇ ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਨਾਲ ਸਬੰਧਤ ਗੁਰੂ ਰਾਮਦਾਸ ਲਾਇਬ੍ਰੇਰੀ ਨੂੰ ਡਿਜੀਟਾਈਜ਼ ਕੀਤਾ ਜਾਵੇਗਾ ਅਤੇ ਇਸ ਲਾਇਬ੍ਰੇਰੀ ਦੀ ਇੱਕ ਵੱਖਰੀ ਵੈੱਬਸਾਈਟ ਤਿਆਰ ਕਰ ਕੇ ਉਸ ’ਤੇ ਅਹਿਮ ਪੁਸਤਕਾਂ ਦੇ ਸਿਰਲੇਖ ਅਤੇ ਤਤਕਰੇ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸਿੱਖ ਇਤਿਹਾਸਕਾਰ ਸਵਰਨ ਸਿੰਘ ਚੂਸਲੇਵੜ੍ਹ ਦੋਵਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਵਿਤਕਰੇਬਾਜੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਗੁਰਦੁਆਰਾ ਚੋਣਾਂ ਲਈ ਵੋਟਰ ਫਾਰਮ ਪੰਜਾਬੀ ਵਿਚ ਵੀ ਛਾਪੇ ਜਾਣ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਰਕਾਰੀ ਦਫ਼ਤਰਾਂ ਵਿਚ ਵੀ ਪੰਜਾਬੀ ਭਾਸ਼ਾ ਨੂੰ ਬਣਦੀ ਜਗ੍ਹਾ ਦਿੱਤੀ ਜਾਵੇ।

Advertisement

ਸੁੱਕੇ ਪ੍ਰਸ਼ਾਦਿਆਂ ਦੇ ਘਪਲੇ ਦੇ ਮਾਮਲੇ ’ਚ ਹੋਰ ਮੁਲਾਜ਼ਮ ਬਹਾਲ

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਵਿੱਚ ਸੁੱਕੇ ਪ੍ਰਸ਼ਾਦਿਆਂ ਦੇ ਘਪਲੇ ਦੇ ਮਾਮਲੇ ਵਿੱਚ ਅੱਜ ਮੁਅੱਤਲ ਕੀਤੇ ਹੋਏ ਕਰਮਚਾਰੀਆਂ ਵਿੱਚੋਂ ਕੁਝ ਹੋਰਨਾਂ ਦੀਆਂ ਸੇਵਾਵਾਂ ਜੁਰਮਾਨੇ ਲਾਉਣ ਮਗਰੋਂ ਬਹਾਲ ਕਰ ਦਿੱਤੀਆਂ ਗਈਆਂ ਹਨ। ਫਿਲਹਾਲ ਸ਼੍ਰੋਮਣੀ ਕਮੇਟੀ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਵਿੱਚ ਹੁਣ ਸਿਰਫ਼ 6 ਕਰਮਚਾਰੀ ਬਾਕੀ ਰਹਿ ਗਏ ਹਨ, ਜਿਨ੍ਹਾਂ ਨੂੰ ਮੁਅੱਤਲ ਕੀਤਾ ਹੋਇਆ ਹੈ ਅਤੇ ਚਾਰਜਸ਼ੀਟ ਕੀਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement