ਅਬਾਦੀ ’ਚ ਲੱਗ ਰਹੇ ਸਟੋਨ ਕਰੱਸ਼ਰ ਖ਼ਿਲਾਫ਼ ਸੰਘਰਸ਼ ਦਾ ਐਲਾਨ
ਦੀਪਕ ਠਾਕੁਰ
ਤਲਵਾੜਾ, 26 ਦਸੰਬਰ
ਬਲਾਕ ਹਾਜੀਪੁਰ ਅਧੀਨ ਆਉਂਦੇ ਪਿੰਡ ਰਾਮ ਨਗਰ ਪੱਤੀ ਢਾਡੇ ਕਟਵਾਲ ਵਿੱਚ ਅਬਾਦੀ ਦੇ ਨਜ਼ਦੀਕ ਲੱਗ ਰਹੇ ਸਟੋਨ ਕਰੱਸ਼ਰ ਦੇ ਵਿਰੋਧ ’ਚ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇੱਕ ਭਰਵਾਂ ਇਕੱਠ ਕੀਤਾ ਗਿਆ। ਬਿਆਸ ਦਰਿਆ ਕੰਢੇ ਵਸਿਆ ਪਿੰਡ ਰਾਮ ਨਗਰ ਪੱਤੀ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਹੈ, ਹੁਣ ਪ੍ਰਸ਼ਾਸਨ ਵੱਲੋਂ ਕਰੱਸ਼ਰ ਲਾਉਣ ਦੀ ਦਿੱਤੀ ਮਨਜ਼ੂਰੀ ਨੇ ਪਿੰਡ ਵਾਸੀਆਂ ਦੇ ਸਾਹ ਸੂਤ ਦਿੱਤੇ ਹਨ। ਸੁਭਾਸ਼ ਸਿੰਘ, ਬਾਜ ਸਿੰਘ, ਦਰਸ਼ਨ ਸਿੰਘ, ਪੰਚਾਇਤ ਮੈਂਬਰ ਅਨਿਲ ਕੁਮਾਰ, ਹਸਨਦੀਪ ਆਦਿ ਨੇ ਦਸਿਆ ਕਿ ਲੋਕ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਇਕੱਠ ’ਚ ਪਹੁੰਚੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਅਤੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਦੇ ਸਰਪ੍ਰਸਤ ਮਨੋਜ ਪਲਾਹੜ ਤੇ ਅਸ਼ੋਕ ਜਲੇਰੀਆ ਨੇ ਪਿੰਡ ਵਾਸੀਆਂ ਨੂੰ ਖਣਨ ਅਤੇ ਕਰੱਸ਼ਰਾਂ ਖ਼ਿਲਾਫ਼ ਸੰਘਰਸ਼ ’ਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਰਾਮ ਨਗਰ ਪੱਤੀ ਦਾ ਗਠਨ ਕੀਤਾ ਗਿਆ। ਪ੍ਰਧਾਨ ਲਖਬੀਰ ਸਿੰਘ ਦੀ ਅਗਵਾਈ ਹੇਠ ਅਜੈਬ ਸਿੰਘ ਮੱਖੂ, ਸਰਪੰਚ ਅਜੀਤ ਸਿੰਘ, ਹਰਦੀਪ ਸਿੰਘ ਢਾਡੇਕਟਵਾਲ, ਗੁਰਦੇਵ ਸਿੰਘ, ਮੀਆਂ ਆਲਮ, ਤਰਸੇਮ ਸਿੰਘ, ਦਲੇਰ ਸਿੰਘ, ਅਨਿਲ ਕੁਮਾਰ ਆਦਿ ਕਮੇਟੀ ਅਹੁਦੇਦਾਰਾਂ ਦੀ ਚੋਣ ਕੀਤੀ। ਨਵੀਂ ਚੁਣੀ ਕਮੇਟੀ ਨੇ ਪਿੰਡ ’ਚ ਲੱਗ ਰਹੇ ਨਵੇਂ ਸਟੋਨ ਕਰੱਸ਼ਰ ਦਾ ਡੱਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ।