ਅਪਰੇਸ਼ਨ ਸਿੰਧੂਰ: ਸ਼ਿਵ ਸੈਨਾ (ਯੂੁਬੀਟੀ) ਨੇ ‘ਤਿਰੰਗਾ ਯਾਤਰਾ’ ਲਈ ਭਾਜਪਾ ’ਤੇ ਨਿਸ਼ਾਨਾ ਸੇੇਧਿਆ
ਮੁੰਬਈ, 14 ਮਈ
ਸ਼ਿਵ ਸੈਨਾ (ਯੂੁਬੀਟੀ) ਨੇ ਭਾਰਤ ਦੇ ‘ਅਪਰੇਸ਼ਨ ਸਿੰਧੂਰ’ ਦੀ ਕਾਮਯਾਬੀ ਸਬੰਧੀ ਕੱਢੀ ਜਾ ਰਹੀ ‘ਤਿਰੰਗਾ ਯਾਤਰਾ’ ਲਈ ਸੱਤਾਧਾਰੀ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਾਕਿਸਤਾਨ ਖ਼ਿਲਾਫ਼ ਦੇਸ਼ ਦਾ ਬਦਲਾ ਹਾਲੇ ਪੂਰਾ ਨਹੀਂ ਹੋਇਆ ਹੈ।
ਇਸ ਮੁੱਦੇ ’ਤੇ ਐਤਵਾਰ ਨੂੰ ਭਾਜਪਾ ਦੇ ਉੱਚ ਆਗੂਆਂ, ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਪਾਰਟੀ ਪ੍ਰਧਾਨ ਜੇਪੀ ਨੱਢਾ ਸ਼ਾਮਲ ਸਨ, ਵੱਲੋਂ ਵਿਚਾਰ ਵਟਾਂਦਰੇ ਮਗਰੋਂ 11 ਦਿਨਾਂ ਦੇਸ਼ਿਵਆਪੀ ‘ਤਿਰੰਗਾ ਯਾਤਰਾ’ ਸ਼ੁਰੂ ਕੀਤੀ ਗਈ ਹੈ। ਸ਼ਿਵਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਕਿਹਾ ਗਿਆ, ‘‘ਭਾਰਤ ਨੇ ਪਾਕਿਸਤਾਨ ਨੂੰ ਸਬਕ ਨਹੀਂ ਸਿਖਾਇਆ। ਇਸ ਦੀ ਬਜਾਇ ਉਸ ਨੇ (ਅਮਰੀਕੀ ਰਾਸ਼ਟਰਪਤੀ) ਡੋਨਲਡ ਟਰੰਪ ਸਾਹਮਣੇ ਆਤਮ-ਸਮਰਪਣ ਕਰ ਦਿੱਤਾ।’’ ਊਧਵ ਠਾਕਰੇ ਦੀ ਅਗਵਾਈ ਹੇਠਲੀ ਪਾਰਟੀ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਟਰੰਪ ਨੇ ‘ਅਪਰੇਸ਼ਨ ਸਿੰਧੂਰ’ ਪੂਰਾ ਹੋਣ ਤੋਂ ਪਹਿਲਾਂ ਹੀ ਭਾਰਤ ਨੂੰ ਜੰਗ ਰੋਕਣ ਦੀ ਧਮਕੀ ਦਿੱਤੀ ਸੀ। ਜਦੋਂ ਇਹ ਲਗਪਗ ਤੈਅ ਹੋ ਗਿਆ ਸੀ ਕਿ ਪਾਕਿਸਤਾਨ ਹਾਰ ਜਾਵੇਗਾ ਉਦੋਂ ਹੀ ਪ੍ਰਧਾਨ ਮੰਤਰੀ ਮੋਦੀ ਨੇ ‘‘ਕਾਰੋਬਾਰ ਦੇ ਲਾਲਚ’’ ਲਈ ਟਰੰਪ ਦੀ ਧਮਕੀ ਅੱਗੇ ਝੁਕਦਿਆਂ ਜੰਗ ਰੋਕ ਦਿੱਤੀ। ਸ਼ਿਵ ਸੈਨਾ (ਯੂੁਬੀਟੀ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਦੇ ਨਾਮ ‘ਸੁਨੇਹੇ’ ਨੂੰ ਵੀ ਬੇਅਰਥ ਕਰਾਰ ਦਿੱਤਾ।
ਵਿਰੋਧੀ ਪਾਰਟੀ ਨੇ ਕਿਹਾ ਕਿ ਪਹਿਲਗਾਮ ਹਮਲੇ ਜਿਸ ਵਿੱਚ 26 ਵਿਅਕਤੀ ਮਾਰੇ ਗਏ ਸਨ, ਦਾ ਬਦਲਾ ਲੈਣ ਤੋਂ ਪਹਿਲਾਂ ਯਾਤਰਾ ਕੱਢਣਾ ਤੇ ਰਾਜਨੀਤੀ ਕਰਨਾ ਭਾਜਪਾ ਦਾ ਪਾਖੰਡ ਹੈ। ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਕਿ ਭਾਜਪਾ ਪਹਿਲਗਾਮ ਹਮਲੇ ਮਗਰੋਂ ਉਸੇ ਤਰ੍ਹਾਂ ਸਿਆਸਤ ਕਰ ਰਹੀ ਹੈ ਜਿਵੇਂ ਉਸ ਨੇ 2019 ਦੇ ਪੁਲਵਾਮਾ ਦਹਿਸ਼ਤੀ ਹਮਲੇ ਤੋਂ ਬਾਅਦ ਕੀਤੀ ਸੀ। -ਪੀਟੀਆਈ