ਯੂਐੱਨਐੱਸਸੀ ਕਮੇਟੀਆਂ ’ਚ ਪਾਕਿਸਤਾਨ ਨੂੰ ਅਹੁਦਾ ਮਿਲਣ ਦੇ ਵਿਹਾਰਕ ਨਤੀਜੇ ਨਹੀਂ ਆਉਣੇ: ਥਰੂਰ
ਵਾਸ਼ਿੰਗਟਨ, 6 ਜੂਨ
ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਭਾਰਤ ਦੋਸਤਾਂ ਤੋਂ ਵਾਂਝਾ ਨਹੀਂ ਹੈ ਅਤੇ ਪਾਕਿਸਤਾਨ ਨੂੰ ਸੁਰੱਖਿਆ ਕੌਂਸਲ ਦੀ ਤਾਲਿਬਾਨ ਵਿਰੋਧੀ ਕਮੇਟੀ ਦਾ ਚੇਅਰਮੈਨ ਬਣਾਇਆ ਜਾਣਾ ਅਤੇ ਅਤਿਵਾਦ ਵਿਰੋਧੀ ਕਮੇਟੀ ਦਾ ਉਪ ਚੇਅਰਮੈਨ ਬਣਾਉਣ ਦਾ ਕੋਈ ਵਿਹਾਰਕ ਨਤੀਜਾ ਨਹੀਂ ਨਿਕਲਣਾ ਹੈ। ਥਰੂਰ ਭਾਰਤ ਨੂੰ ਪਾਕਿਸਤਾਨ ਦੇ ਸਮਰਥਨ ਵਾਲੇ ਅਤਿਵਾਦ ਦੇ ਖ਼ਤਰਿਆਂ ਅਤੇ ਅਤਿਵਾਦ ਖ਼ਿਲਾਫ਼ ਭਾਰਤ ਦੇ ਸੰਕਲਪ ਬਾਰੇ ਪ੍ਰਮੁੱਖ ਵਾਰਤਾਕਾਰਾਂ ਨੂੰ ਜਾਣਕਾਰੀ ਦੇਣ ਲਈ ਅਮਰੀਕਾ ਵਿੱਚ ਇਕ ਬਹੁ-ਪਾਰਟੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਥਰੂਰ ਨੇ ਵੀਰਵਾਰ ਨੂੰ ਇੱਥੇ ਭਾਰਤੀ ਦੂਤਾਵਾਸ ਵਿੱਚ ਗੱਲਬਾਤ ਦੌਰਾਨ ਕਿਹਾ, ‘‘ਇਹ ਸਾਰੀਆਂ ਕਮੇਟੀਆਂ ਆਮ ਸਹਿਮਤੀ ’ਤੇ ਕੰਮ ਕਰਦੀਆਂ ਹਨ ਅਤੇ ਕਿਸੇ ਚੇਅਰਮੈਨ ਵਾਸਤੇ ਇਕੱਲੇ ਕੁਝ ਅਜਿਹਾ ਕਰਵਾ ਸਕਣਾ ਸੰਭਵ ਨਹੀਂ ਹੈ ਜਿਸ ਦਾ ਹੋਰ ਵਿਰੋਧ ਕਰਦੇ ਹਨ ਜਾਂ ਕਿਸੇ ਵਿਸ਼ੇਸ਼ ਵਿਚਾਰਧਾਰਾ ਨੂੰ ਅੱਗੇ ਵਧਾਉਣਾ, ਜਿਸ ਦਾ ਹੋਰ ਦੇਸ਼ ਸਮਰਥਨ ਨਹੀਂ ਕਰਦੇ ਹਨ।’’ -ਪੀਟੀਆਈ
ਅਤਿਵਾਦ ਖਿਲਾਫ਼ ਲੜਾਈ ’ਚ ਭਾਰਤ ਦੇ ਨਾਲ ਖੜ੍ਹਾ ਹੈ ਜਰਮਨੀ: ਲਾਸ਼ੇਟ
ਬਰਲਿਨ: ਜਰਮਨੀ ਦੇ ਉੱਚ ਅਧਿਕਾਰੀ ਨੇ ਅੱਜ ਭਾਰਤੀ ਬਹੁ-ਪਾਰਟੀ ਵਫ਼ਦ ਨੂੰ ਕਿਹਾ ਕਿ ਅਤਿਵਾਦ ਖ਼ਿਲਾਫ਼ ਜੰਗ ਵਿੱਚ ਜਰਮਨੀ, ਭਾਰਤ ਦੇ ਨਾਲ ਖੜ੍ਹਾ ਹੈ। ਭਾਰਤੀ ਵਫ਼ਦ ਨੇ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਸਬੰਧੀ ਭਾਰਤ ਦੇ ਸਖ਼ਤ ਰੁਖ਼ ਦਾ ਪ੍ਰਗਟਾਵਾ ਕੀਤਾ ਅਤੇ ਪਰਮਾਣੂ ਹਮਲੇ ਦੀਆਂ ਧਮਕੀਆਂ ਅੱਗੇ ਨਾ ਝੁਕਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਿੱਚ ਵਫ਼ਦ ਨੇ ਇੱਥੇ ਜਰਮਨੀ ਦੀ ਸੰਸਦ ‘ਬੁੰਡੇਸਟੈਗ’ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਆਰਮਿਨ ਲਾਸ਼ੇਟ ਅਤੇ ਸੰਸਦ ਮੈਂਬਰਾਂ ਰਾਲਫ ਬ੍ਰਿਕਹੌਸ ਤੇ ਹਿਊਬਰਟਸ ਹੀਲ ਨਾਲ ਮੁਲਾਕਾਤ ਕੀਤੀ। ਲਾਸ਼ੇਟ ਨੇ ਕਿਹਾ, ‘‘ਭਾਰਤ ਸਰਬ-ਪਾਰਟੀ ਸੰਸਦੀ ਵਫ਼ਦ ਨਾਲ ਅੱਜ ਦੀ ਗੱਲਬਾਤ ਲਈ ਧੰਨਵਾਦੀ ਹਾਂ। ਜਰਮਨੀ ਅਤੇ ਭਾਰਤ ਭਰੋਸੇਯੋਗ ਭਾਈਵਾਲੀ ਸਾਂਝੀ ਕਰਦੇ ਹਨ, ਖ਼ਾਸ ਕਰ ਕੇ ਆਲਮੀ ਸੁਰੱਖਿਆ ’ਤੇ। ਅਸੀਂ ਪਹਿਲਗਾਮ ਵਿੱਚ 22 ਅਪਰੈਲ ਨੂੰ ਹੋਏ ਕਰੂਰ ਅਤਿਵਾਦੀ ਹਮਲੇ ਬਾਰੇ ਵੀ ਚਰਚਾ ਕੀਤੀ। ਮੈਂ ਬਹੁਤ ਹੈਰਾਨ ਹਾਂ। ਅਤਿਵਾਦ ਖ਼ਿਲਾਫ਼ ਜੰਗ ਵਿੱਚ ਜਰਮਨੀ, ਭਾਰਤ ਦੇ ਨਾਲ ਖੜ੍ਹਾ ਹੈ।’’ ਉਨ੍ਹਾਂ ‘ਐੱਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਹੁਣ ਇਹ ਅਹਿਮ ਹੈ ਕਿ ਜੰਗਬੰਦੀ ਕਾਇਮ ਰਹੇ ਅਤੇ ਗੱਲਬਾਤ ਜਾਰੀ ਰਹੇ। ਸ਼ਾਂਤੀ ਸਾਡੇ ਸਾਰਿਆਂ ਲਈ ਲਾਹੇਵੰਦ ਹੈ।’’