ਅਨੁਸੂਚਿਤ ਜਾਤੀਆਂ ਨੂੰ ਜਾਗਰੂਕ ਕਰਨਗੇ ਐੱਸਸੀ ਕਮਿਸ਼ਨ ਦੇ ਚੇਅਰਮੈਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਪਰੈਲ
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਸੂਬੇ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸੂਬੇ ਦਾ ਦੌਰਾ ਕੀਤਾ ਜਾਵੇਗਾ। ਸ੍ਰੀ ਗੜ੍ਹੀ ਵੱਲੋਂ ਛੇ ਅਪਰੈਲ ਤੋਂ ਪੰਜਾਬ ਦੌਰੇ ਦੀ ਸ਼ੁਰੂਆਤ ਕੀਤੀ ਜਾਵੇਗੀ। ਭਲਕੇ ਉਹ ਬੀਆਰ ਅੰਬੇਡਕਰ ਸਟੱਡੀ ਸਰਕਲ ਸੈਂਟਰ ਪਿੰਡ ਸਲੇਮਪੁਰ, ਨੇੜੇ ਸਿੱਧਵਾਂ ਬੇਟ ਜ਼ਿਲ੍ਹਾ ਲੁਧਿਆਣਾ ਵਿੱਚ ਪਹੁੰਚਣਗੇ। ਇਸ ਤੋਂ ਬਾਅਦ 13 ਅਪਰੈਲ ਨੂੰ ਬਹੁਜਨ ਕਰਮਚਾਰੀ ਅਤੇ ਸੇਵਾਮੁਕਤ ਕਰਮਚਾਰੀ ਸੰਘ ਵੱਲੋਂ ਅਜਮੇਰ ਪੈਲੇਸ, ਮਲੋਟ ਰੋਡ ਮੁਕਤਸਰ ਸਾਹਿਬ ਵਿੱਚ, 14 ਅਪਰੈਲ ਨੂੰ ਨਵਾਂਸ਼ਹਿਰ, 19 ਅਪਰੈਲ ਨੂੰ ਐੱਸਸੀ/ਬੀਸੀ ਕਰਮਚਾਰੀ ਫੈੱਡਰੇਸ਼ਨ ਪੀਐੱਸਪੀਸੀਐੱਲ/ ਪੀਐੱਸਟੀਸੀਐੱਲ ਵੱਲੋਂ ਥਰਮਲ ਪਲਾਂਟ ਨੂੰਹੋਂ ਕਲੋਨੀ ਰੋਪੜ ਅਤੇ 20 ਅਪਰੈਲ ਨੂੰ ਸੰਗਰੂਰ ਦੇ ਪਾਰੁਲ ਪੈਲੇਸ ਵਿੱਚ ਬੀਆਰ ਅੰਬੇਡਕਰ ਵੈੱਲਫੇਅਰ ਅਤੇ ਚੈਰੀਟੇਬਲ ਮੰਚ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮਾਗਮਾਂ ਵਿੱਚ ਲੋਕਾਂ ਨੂੰ ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਕੰਮਕਾਜ, ਭਾਰਤੀ ਸੰਵਿਧਾਨ ਅਤੇ ਦੇਸ਼ ਦੇ ਕਾਨੂੰਨ ਵਿੱਚ ਗ਼ਰੀਬਾਂ, ਮਜਲੂਮਾਂ, ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਹੱਕਾਂ, ਅਧਿਕਾਰਾਂ, ਸਮਾਜਿਕ ਸੁਰੱਖਿਆ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ।