ਅਨਿਲ ਵਿੱਜ ਨੇ ਸਿਰਸਾ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪ੍ਰਭੂ ਦਿਆਲ
ਸਿਰਸਾ, 29 ਨਵੰਬਰ
ਕੈਬਨਿਟ ਮੰਤਰੀ ਅਨਿਲ ਵਿੱਜ ਦੀ ਪ੍ਰਧਾਨਗੀ ਹੇਠ ਇਥੇ ਪੰਚਾਇਤ ਭਵਨ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਕੁੱਲ 17 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 9 ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ ਜਦਕਿ 8 ਸ਼ਿਕਾਇਤਾਂ ’ਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਰਾਣੀਆ ਦੀ ਵਸਨੀਕ ਨਿਰਮਲਾ ਦੇਵੀ ਨੇ ਸ਼ਿਕਾਇਤ ਕੀਤੀ ਕਿ ਉਸ ਨੇ 2019 ਵਿੱਚ ਇੱਕ ਦੁਕਾਨ ਖਰੀਦੀ ਸੀ, ਜਿਸ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਨਗਰ ਪਾਲਿਕਾ ਵੱਲੋਂ ਪਾਸ ਕੀਤਾ ਨਕਸ਼ਾ 12 ਸਾਲਾਂ ਬਾਅਦ ਵੀ ਮਨਜ਼ੂਰ ਨਹੀਂ ਹੋਇਆ। ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਵੀ ਐੱਨਡੀਸੀ ਰਿਪੋਰਟ ਜਾਰੀ ਨਹੀਂ ਕੀਤੀ ਗਈ। ਕੈਬਨਿਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਜਦੋਂ ਨਕਸ਼ਾ ਪਹਿਲਾਂ ਪਾਸ ਹੋਇਆ ਸੀ ਤਾਂ ਹੁਣ ਇਸ ਨੂੰ ਨਾ-ਮਨਜ਼ੂਰ ਕਿਉਂ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਜਿਸ ਵੀ ਅਧਿਕਾਰੀ ਨੇ ਉਸ ਸਮੇਂ ਨਕਸ਼ਾ ਪਾਸ ਕੀਤਾ ਹੋਵੇ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਤਰ੍ਹਾਂ ਹੀ ਸਰਕਾਰੀ ਜ਼ਮੀਨ ਹੜੱਪਣ ਅਤੇ ਜਾਅਲੀ ਰਿਕਾਰਡ ਤਿਆਰ ਕਰਕੇ ਸਰਕਾਰ ਨੂੰ ਮਾਲੀ ਨੁਕਸਾਨ ਪਹੁੰਚਾਉਣ ਦੀ ਸ਼ਿਕਾਇਤ ’ਤੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਐੱਸਡੀਐੱਮ ਨੂੰ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮੀਟਿੰਗ ’ਚ ਕੁਲਵੰਤ ਕੌਰ ਪਤਨੀ ਅਮਰੀਕ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਪਤੀ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸ ’ਤੇ ਕਮੇਟੀ ਪ੍ਰਧਾਨ ਨੇ ਮਾਮਲੇ ਦੀ ਮੁੜ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਲਈ ਡੀਐੱਸਪੀ ਦੀ ਅਗਵਾਈ ਵਿੱਚ ਅਧਿਕਾਰੀਆਂ ਦੀ ਟੀਮ ਬਣਾਈ ਗਈ ਅਤੇ ਉਨ੍ਹਾਂ ਨੂੰ ਜਾਂਚ ਕਰਕੇ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ। ਪਿੰਡ ਬਣੀ ਦੇ ਵਸਨੀਕ ਸੋਹਣ ਲਾਲ ਨੇ ਕਮੇਟੀ ਪ੍ਰਧਾਨ ਅਨਿਲ ਵਿੱਜ ਅੱਗੇ ਸ਼ਿਕਾਇਤ ਰੱਖੀ ਕਿ ਪਿੰਡ ਦੇ ਕਈ ਲੋਕ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕਰਦੇ ਹਨ, ਸੜਕ ਜਾਮ ਕਰਦੇ ਹਨ ਅਤੇ ਬਦਤਮੀਜ਼ੀ ਕਰਦੇ ਹਨ, ਜੋ ਕੈਮਰੇ ਵਿੱਚ ਵੀ ਰਿਕਾਰਡ ਹੋਇਆ ਹੈ। ਕੈਬਨਿਟ ਮੰਤਰੀ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਇਸ ਵਿੱਚ ਜੋ ਵੀ ਮੁਲਜ਼ਮ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਬੁੱਢਾਭਾਣਾ ਵਾਸੀ ਅਨੂਪ ਸਿੰਘ ਨੇ ਦੱਸਿਆ ਕਿ ਘੱਗਰ ਵਿੱਚ ਆਏ ਹੜ੍ਹ ਦੌਰਾਨ ਉਨ੍ਹਾਂ ਦੇ ਖੇਤ ਵਿੱਚੋਂ ਮਿੱਟੀ ਚੁੱਕ ਕੇ ਆਰਜ਼ੀ ਬੰਨ੍ਹ ਬਣਾਇਆ ਗਿਆ ਸੀ। ਬਾਅਦ ਵਿੱਚ ਵਿਭਾਗ ਵੱਲੋਂ ਨਾ ਤਾਂ ਖੇਤ ਨੂੰ ਪੱਧਰਾ ਕੀਤਾ ਗਿਆ ਅਤੇ ਨਾ ਹੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਗਿਆ। ਕੈਬਨਿਟ ਮੰਤਰੀ ਅਨਿਲ ਵਿੱਜ ਨੇ ਹਦਾਇਤ ਕੀਤੀ ਕਿ ਸ਼ਿਕਾਇਤਕਰਤਾ ਦੇ ਖੇਤ ਨੂੰ ਪੱਧਰਾ ਕਰਵਾਇਆ ਜਾਵੇ ਜਾਂ ਉਸ ਦੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ।