ਅਨਾਜ ਮੰਡੀਆਂ ’ਚ ਚੁਕਾਈ ਨਾ ਹੋਣ ਕਾਰਨ ਲੱਗੇ ਕਣਕ ਦੇ ਅੰਬਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
ਪੰਜਾਬ ਵਿੱਚ ਅਪਰੈਲ ਮਹੀਨੇ ਦੇ ਅੰਤ ’ਚ ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੋਣ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਫ਼ਸਲ ਦੀ ਖਰੀਦ ਨਾਲੋਂ-ਨਾਲ ਕੀਤੀ ਜਾ ਰਹੀ ਹੈ ਪਰ ਮੰਡੀਆਂ ’ਚ ਕਣਕ ਦੀ ਚੁਕਾਈ ਦਾ ਕੰਮ ਵਧੇਰੇ ਹੌਲੀ ਚੱਲ ਰਿਹਾ ਹੈ। ਕਣਕ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਢੇਰ ਲੱਗ ਗਏ ਹਨ। ਦੂਜੇ ਪਾਸੇ ਲਿਫਟਿੰਗ ਨਾ ਹੋਣ ਕਾਰਨ ਕਾਰਨ ਅਗਲੇ ਦਿਨਾਂ ’ਚ ਕਣਕ ਦੇ ਖਰੀਦ ਕਾਰਜ ਵਿੱਚ ਅੜਿੱਕੇ ਖੜ੍ਹੇ ਹੋ ਸਕਦੇ ਹਨ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 96.17 ਲੱਖ ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ’ਚੋਂ 91.18 ਲੱਖ ਮੀਟਰਕ ਟਨ ਕਣਕ ਦੀ ਖਰੀਦੀ ਗਈ ਹੈ। ਜਦੋਂ ਕਿ ਖਰੀਦੀ ਗਈ 91.18 ਲੱਖ ਮੀਟਰਕ ਟਨ ਕਣਕ ’ਚੋਂ ਸਿਰਫ਼ 31.22 ਲੱਖ ਮੀਟਰਕ ਟਨ ਕਣਕ ਦੀ ਚੁਕਾਈ ਹੋ ਸਕੀ ਹੈ। ਇਸ ’ਚੋਂ ਵੀ 4.72 ਲੱਖ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਅੱਜ ਕੀਤੀ ਗਈ ਹੈ। ਇਹ ਕੁੱਲ ਖਰੀਦੀ ਗਈ ਕਣਕ ਦਾ 30 ਫ਼ੀਸਦ ਦੇ ਕਰੀਬ ਹੀ ਬਣਦਾ ਹੈ। ਹਾਲਾਂਕਿ ਵਿਭਾਗ ਵੱਲੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਕਣਕ ਦੀ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਣਕ ਦੇ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਸਨ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦਾ ਨਾਲੋਂ-ਨਾਲ ਖਰੀਦ ਕਰਕੇ ਅਦਾਇਗੀ ਕੀਤੀ ਜਾਵੇ। ਇਸ ਦੇ ਨਾਲ ਹੀ ਮੰਡੀਆਂ ’ਚੋਂ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ।
ਖ਼ਰਾਬ ਮੌਸਮ ਕਾਰਨ ਖੜ੍ਹਾ ਹੋ ਸਕਦੈ ਸੰਕਟ
ਮੌਸਮ ਵਿਭਾਗ ਵੱਲੋਂ 30 ਅਪਰੈਲ ਤੋਂ ਸੂਬੇ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅਜਿਹੇ ਸਮੇਂ ਮੀਂਹ ਪੈਣ ਨਾਲ ਸੂਬੇ ਦੀਆਂ ਮੰਡੀਆਂ ਵਿੱਚ ਪਈ ਕਣਕ ਭਿੱਜ ਸਕਦੀ ਹੈ। ਇਸ ਲਈ ਸੂਬਾ ਸਰਕਾਰ ਨੂੰ ਸਮੇਂ ਰਹਿੰਦੇ ਕਣਕ ਦੀ ਸੰਭਾਲ ਕਰਨੀ ਪਵੇਗੀ।