ਅਧਿਆਪਕਾ ਵੱਲੋਂ ਸਕੂਲ ਪ੍ਰਬੰਧਕਾਂ ’ਤੇ ਬੰਦੀ ਬਣਾ ਕੇ ਕੁੱਟਮਾਰ ਦਾ ਦੋਸ਼
ਥਾਣਾ ਸੁਧਾਰ ਅਧੀਨ ਪੱਖੋਵਾਲ ਵਿੱਚ ਜੀਐੱਚਜੀ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਦੀ ਅਧਿਆਪਕਾ ਸਿਮਰਨਜੀਤ ਕੌਰ ਵਾਸੀ ਟੂਸੇ ਨੇ ਦੋਸ਼ ਲਾਇਆ ਹੈ ਕਿ ਸਕੂਲ ਪ੍ਰਬੰਧਕਾਂ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ, ਜਾਤੀਸੂਚਕ ਸ਼ਬਦ ਕਹੇ ਤੇ ਉਸ ਦੀ ਕੁੱਟਮਾਰ ਕੀਤੀ ਹੈ। ਪੀੜਤ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਧਾਲੀਵਾਲ, ਪ੍ਰਿੰਸੀਪਲ ਮਨਜੀਤ ਕੌਰ, ਸਾਬਕਾ ਪ੍ਰਿੰਸੀਪਲ ਇੰਦਰਪਾਲ ਕੌਰ, ਸਕੂਲ ਦੀ ਰੂਪਾ ਆਂਟੀ ਤੇ ਇਕ ਹੋਰ ਅਧਿਆਪਕਾ ਹਰਪ੍ਰੀਤ ਕੌਰ ਨੂੰ ਦੋਸ਼ੀ ਦੱਸਿਆ ਹੈ। ਸਿਮਰਨਜੀਤ ਕੌਰ ਨੇ ਪ੍ਰਧਾਨ ਭੁਪਿੰਦਰ ਸਿੰਘ ਧਾਲੀਵਾਲ ’ਤੇ ਅਸ਼ਲੀਲ ਟਿੱਪਣੀਆਂ ਕਰਨ ਤੇ ਗ਼ਲਤ ਇਸ਼ਾਰੇ ਕਰਨ ਦਾ ਵੀ ਦੋਸ਼ ਲਾਇਆ ਹੈ। ਜਦੋਂ ਉਸ ਨੇ ਕਈ ਮਹੀਨੇ ਇਹ ਗ਼ਲਤ ਵਿਓਹਾਰ ਝੱਲਣ ਮਗਰੋਂ ਇਸ ਦਾ ਵਿਰੋਧ ਕੀਤਾ ਤਾਂ ਸਕੂਲ ਪ੍ਰਬੰਧਕਾਂ ਨੇ ਉਸ ਨੂੰ ਬਿਨਾ ਨੋਟਿਸ ਦਿੱਤਿਆਂ ਨੌਕਰੀ ਤੋਂ ਬਾਹਰ ਕਰ ਦਿੱਤਾ।
ਪੀੜਤ ਨੇ ਦੱਸਿਆ ਕਿ 24 ਦਸੰਬਰ ਨੂੰ ਉਸ ਨੂੰ ਸਕੂਲ ਦੇ ਕਮਰੇ ਵਿੱਚ ਬੰਦੀ ਬਣਾ ਕੇ ਕੁੱਟਮਾਰ ਕੀਤੀ ਗਈ। ਉਸ ਨੇ ਆਪਣੇ ਗਲੇ ਸਮੇਤ ਸਰੀਰ ਦੇ ਹੋਰ ਅੰਗਾਂ ’ਤੇ ਸੱਟਾਂ ਦੇ ਨਿਸ਼ਾਨ ਵੀ ਦਿਖਾਏ। ਸਿਮਰਨਜੀਤ ਕੌਰ ਨੇ ਆਪਣੇ ਮਾਪਿਆਂ ਦੀ ਮੌਜੂਦਗੀ ਵਿੱਚ ਦੱਸਿਆ ਕਿ ਉਸ ਨੇ ਡਾਕਟਰੀ ਮੁਆਇਨੇ ਦੀ ਕਾਪੀ ਸਮੇਤ ਥਾਣਾ ਸੁਧਾਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਸ ਕੋਲ ਘਟਨਾ ਸਮੇਂ ਦੀ ਵੀਡੀਓ ਤੇ ਸੀਸੀਟੀਵੀ ਫੁਟੇਜ ਵੀ ਮੌਜੂਦ ਹੈ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਧਿਆਪਕਾ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਉਸ ਖ਼ਿਲਾਫ਼ ਕੀਤੀ ਝੂਠੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਪੁਲੀਸ ਉਸ ’ਤੇ ਸਮਝੌਤਾ ਕਰਨ ਦਾ ਦਬਾਅ ਬਣਾ ਰਹੀ ਹੈ।
ਸਕੂਲ ਪ੍ਰਬੰਧਕ ਭੁਪਿੰਦਰ ਸਿੰਘ ਧਾਲੀਵਾਲ ਨੇ ਸੰਪਰਕ ਕਰਨ ’ਤੇ ਮੰਨਿਆ ਕਿ 24 ਦਸੰਬਰ ਨੂੰ ਸਿਮਰਨਜੀਤ ਕੌਰ ਸਕੂਲ ਆਈ ਸੀ ਤੇ ਉਨ੍ਹਾਂ ਉਸ ਨਾਲ ਕਮਰੇ ਵਿੱਚ ਗੱਲਬਾਤ ਵੀ ਕੀਤੀ ਸੀ। ਉਨ੍ਹਾਂ ਸਿਮਰਨਜੀਤ ਕੌਰ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆਂ ਉਸ ’ਤੇ ਸਕੂਲ ਦੇ ਧਾਰਮਿਕ ਸਮਾਗਮ ਵਿੱਚ ਵਿਘਨ ਪਾਉਣ ਦਾ ਦੋਸ਼ ਲਾਇਆ।
ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਸਿਮਰਨਜੀਤ ਕੌਰ ਤੇ ਸਕੂਲ ਪ੍ਰਬੰਧਕਾਂ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਰੁਝੇਵਿਆਂ ਕਾਰਨ ਹਾਲੇ ਕੋਈ ਕਾਰਵਾਈ ਨਹੀਂ ਹੋ ਸਕੀ ਹੈ ਪਰ ਛੇਤੀ ਹੀ ਕੇਸ ਦਰਜ ਕੀਤਾ ਜਾਵੇਗਾ।
ਅਧਿਆਪਕਾ ਨੇ ਧਾਰਮਿਕ ਸਮਾਗਮ ਵਿੱਚ ਵਿਘਨ ਪਾਇਆ: ਕਮੇਟੀ ਪ੍ਰਧਾਨ
ਸਕੂਲ ਪ੍ਰਬੰਧਕ ਭੁਪਿੰਦਰ ਸਿੰਘ ਧਾਲੀਵਾਲ ਨੇ ਸੰਪਰਕ ਕਰਨ ’ਤੇ ਮੰਨਿਆ ਕਿ 24 ਦਸੰਬਰ ਨੂੰ ਸਿਮਰਨਜੀਤ ਕੌਰ ਸਕੂਲ ਆਈ ਸੀ ਤੇ ਉਨ੍ਹਾਂ ਉਸ ਨਾਲ ਕਮਰੇ ਵਿੱਚ ਗੱਲਬਾਤ ਵੀ ਕੀਤੀ ਸੀ। ਉਨ੍ਹਾਂ ਸਿਮਰਨਜੀਤ ਕੌਰ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਉਸ ਉੱਤੇ ਸਕੂਲ ਦੇ ਧਾਰਮਿਕ ਸਮਾਗਮ ਵਿੱਚ ਵਿਘਨ ਪਾਉਣ ਦਾ ਦੋਸ਼ ਲਾਇਆ।