ਅਧਿਆਪਕਾਂ ’ਤੇ ਪੁਲੀਸ ਤਸ਼ੱਦਦ ਖ਼ਿਲਾਫ਼ ਮੁਜ਼ਾਹਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਪਰੈਲ
ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਚ 5994 ਈਟੀਟੀ ਭਰਤੀ (ਬੈਕਲਾਗ) ਵਿੱਚ ਚੁਣੇ ਗਏ ਅਧਿਆਪਕਾਂ ਦੀ 19 ਅਪਰੈਲ ਨੂੰ ਪੁਲੀਸ ਵੱਲੋਂ ਕੀਤੀ ਗਈ ਖਿੱਚਧੂਹ ਖਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਅੱਜ ਇਥੇ ਪੁਰਾਣੇ ਬੱਸ ਸਟੈਂਡ ਚੌਂਕ ’ਚ ‘ਆਪ’ ਸਰਕਾਰ ਅਤੇ ਸਿੱਖਿਆ ਕ੍ਰਾਂਤੀ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਡੀਐਮਐਫ ਦੇ ਆਗੂ ਗੁਰਜੀਤ ਘੱਗਾ ਨੇ ਕਿਹਾ ਉਥੋਂ ਦੇ ਇੱਕ ਐੱਸ ਐੱਚ ਓ ਨੇ ਇੱਕ ਅਧਿਆਪਕ ਦੇ ਸ਼ਰੇਆਮ ਥੱਪੜ ਅਤੇ ਬਾਕੀ ਮੁਲਾਜ਼ਮਾਂ ਦੇ ਠੁੱਡੇ ਮਾਰੇ ਪੁਲੀਸ ਨੇ ਗਾਲੀ ਗਲੋਚ ਵੀ ਕੀਤਾ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਬੰਧਤ ਪੁਲੀਸ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਡੀ.ਟੀ.ਐੱਫ.ਆਗੂਆਂ ਭੁਪਿੰਦਰ ਮਰਦਾਂਹੇੜੀ, ਹਰਿੰਦਰ ਪਟਿਆਲਾ, ਰੋਮੀ ਸਫੀਪੁਰ, ਰਵਿੰਦਰ ਕੰਬੋਜ ਅਤੇ ਕ੍ਰਿਸ਼ਨ ਚੌਹਾਨਕੇ ਨੇ ਸਿੱਖਿਆ ਨੀਤੀ ਨੂੰ ਅਖੌਤੀ ਤੇ ਢਕਵੰਜ ਦੱਸਦਿਆਂ ਕਿਹਾ ਕਿ ਸਕੂਲਾਂ ਪ੍ਰਿੰਸੀਪਲਾਂ ਦੀਆਂ 856, ਹੈਡਮਾਸਟਰਾਂ ਦੀਆਂ 400, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 100, ਲੈਕਚਰਾਰਾਂ ਦੀਆਂ ਛੇ ਹਜ਼ਾਰ, ਆਰਟ ਐਂਡ ਕ੍ਰਾਫਟ, ਖੇਡ ਅਧਿਆਪਕਾਂ, ਈਟੀਟੀ ਅਤੇ ਮਾਸਟਰ ਕਾਡਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਇਸ ਮੌਕੇ ਭਰਾਤਰੀ ਜਥੇਬੰਦੀਆਂ ਤੋਂ ਦਵਿੰਦਰ ਪੂਨੀਆਂ, ਸੁਰਿੰਦਰ ਸਿੰਘ ਖਾਲਸਾ, ਕੁਲਦੀਪ ਪਟਿਆਲਵੀ, ਅਰਵਿੰਦਰ ਕੌਰ ਕਾਕੜਾ, ਬਲਵਿੰਦਰ ਕਾਕਾ ਤੇ ਬਲਜੀਤ ਖੁਰਮੀ ਆਦਿ ਨੇ ਵੀ ਸ਼ਮੂਲੀਅਤ ਕੀਤੀ।