ਸੰਤੋਖ ਗਿੱਲਰਾਏਕੋਟ, 23 ਦਸੰਬਰਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਮਰਥਕਾਂ ਦਰਮਿਆਨ ਵੱਕਾਰ ਦਾ ਸਵਾਲ ਬਣੀ ਪਿੰਡ ਤਾਜਪੁਰ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਨਵੇਂ ਚੁਣੇ ਅਹੁਦੇਦਾਰਾਂ ਦੀ ਚੋਣ ’ਤੇ ਸ੍ਰੀ ਵਿਜ਼ੇਂਦਰ ਸਿੰਘ ਸੰਧੂ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਦੀ ਅਦਾਲਤ ਨੇ ਫ਼ੌਰੀ ਰੋਕ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਪ ਰਜਿਸਟਰਾਰ ਦੀ ਅਦਾਲਤ ਨੇ ਪੰਜਾਬ ਸਹਿਕਾਰੀ ਸਭਾਵਾਂ ਕਾਨੂੰਨ 1961 ਦੀ ਧਾਰਾ 55 ਅਤੇ 56 ਅਧੀਨ ਪੀੜਤ ਧਿਰ ਮਨਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਤਾਜਪੁਰ ਅਤੇ ਹੋਰਨਾਂ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਗਲੀ ਸੁਣਵਾਈ ਤੱਕ ਰੋਕ ਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।ਅਦਾਲਤ ਨੇ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਤਾਜਪੁਰ ਦੇ ਸਕੱਤਰ ਤੋਂ ਇਲਾਵਾ ਨਵੇਂ ਚੁਣੇ ਅਹੁਦੇਦਾਰਾਂ ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਕਿਰਪਾਲ ਸਿੰਘ, ਗੁਰਮੀਤ ਕੌਰ ਅਤੇ ਰਿਟਰਨਿੰਗ ਅਫ਼ਸਰ ਸੁਰਿੰਦਰ ਸਿੰਘ ਨੂੰ ਆਪਣਾ ਪੱਖ ਪੇਸ਼ ਕਰਨ ਲਈ 6 ਜਨਵਰੀ ਦੀ ਤਾਰੀਖ਼ ਦਿੱਤੀ ਗਈ ਹੈ।ਪੀੜਤ ਧਿਰ ਨੇ ਆਪਣੀ ਪਟੀਸ਼ਨ ਵਿੱਚ ਪੂਰੀ ਚੋਣ ਪ੍ਰਕਿਰਿਆ ਤੇ ਚੋਣ ਅਧਿਕਾਰੀ ਦੀ ਨਿਯੁਕਤੀ ਉਪਰ ਵੀ ਸਵਾਲ ਉਠਾਏ ਹਨ। ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਦੀ ਅਦਾਲਤ ਨੇ ਸਹਾਇਕ ਰਜਿਸਟਰਾਰ ਰਾਏਕੋਟ ਨੂੰ ਰਿਟਰਨਿੰਗ ਅਫ਼ਸਰ ਸਮੇਤ ਨਵੇਂ ਚੁਣੇ ਅਹੁਦੇਦਾਰਾਂ ਨੂੰ ਸੰਮਣ ਤਾਮੀਲ ਕਰਾਉਣ ਦਾ ਆਦੇਸ਼ ਵੀ ਜਾਰੀ ਕੀਤਾ ਹੈ।ਅਦਾਲਤੀ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੰਮਣ ਤਾਮੀਲ ਹੋਣ ਦੀ ਰਿਪੋਰਟ ਤੋਂ ਇਲਾਵਾ ਕੇਸ ਨਾਲ ਸਬੰਧਤ ਸਾਰਾ ਦਫ਼ਤਰੀ ਰਿਕਾਰਡ ਪੇਸ਼ ਕਰਨ ਲਈ ਪਾਬੰਦ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਗੁਰਮਿੰਦਰ ਸਿੰਘ, ਸਰਬਜੀਤ ਸਿੰਘ ਸੁਧਾਰ, ਅਮਨ ਸ਼ਰਮਾ ਤੋਂ ਇਲਾਵਾ ਤਾਜਪੁਰ ਦੀ ਪੰਚਾਇਤ ਦੇ ਨੁਮਾਇੰਦੇ, ਸਰਪੰਚ ਹਰਦੇਵ ਕੌਰ ਦੇ ਪੁੱਤਰ ਬਲਜੀਤ ਸਿੰਘ ਬੈਂਸ ਸਮੇਤ ਹੋਰਨਾਂ ਨੇ ਜ਼ਿਲ੍ਹਾ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮਿਲ ਕੇ ਮੰਗ ਪੱਤਰ ਵੀ ਸੌਂਪਿਆ ਤੇ ਦੁਬਾਰਾ ਚੋਣ ਕਰਾਉਣ ਦੀ ਮੰਗ ਕੀਤੀ।