ਮਹੇਸ਼ ਸ਼ਰਮਾਮੰਡੀ ਅਹਿਮਦਗੜ੍ਹ,ਡਾ. ਭੀਮ ਰਾਓ ਅੰਬੇਡਕਰ ਬਾਰੇ ਬੀਤੇ ਦਿਨੀਂ ਕੀਤੀ ਗਈ ਟਿੱਪਣੀ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਨਾ ਸ਼ਰਤ ਮੁਆਫ਼ੀ ਦੀ ਮੰਗ ਕਰਦੇ ਹੋਏ, ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਅੱਜ ਕਾਂਗਰਸ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਮਿਤ ਸ਼ਾਹ ਨੂੰ ਆਹੁਦੇ ਤੋਂ ਲਾਹੁਣ ਲਈ ਭਾਰਤ ਦੇ ਰਾਸ਼ਟਰਪਤੀ ਤੋਂ ਦਖਲ ਦੀ ਮੰਗ ਕਰੇਗੀ।ਪਾਰਟੀ ਕਾਰਕੁਨਾਂ ਦੇ ਵਫ਼ਦ ਆਪਣੇ-ਆਪਣੇ ਖੇਤਰ ਦੇ ਸੀਨੀਅਰ ਆਹੁਦੇਦਾਰਾਂ ਤੇ ਚੁਣੇ ਹੋਏ ਨੁਮਾਂਇਦਿਆਂ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਰਾਸ਼ਟਰਪਤੀ ਨੂੰ ਸੰਬੋਧਤ ਮੈਮੋਰੰਡਮ ਜ਼ਿਲ੍ਹਾ ਤੇ ਸਬ-ਡਿਵੀਜ਼ਨ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਅਤੇ ਐੱਸਡੀਐੱਮਜ਼ ਨੂੰ ਸੌਂਪਣਗੇ।ਪਾਰਟੀ ਹਾਈਕਮਾਨ ਦੇ ਹੁਕਮਾਂ ਅਨੁਸਾਰ ਇੱਥੋਂ ਦੇ ਕਾਂਗਰਸੀ ਕਾਰਕੁਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐੱਮਪੀ ਡਾ. ਅਮਰ ਸਿੰਘ ਨੇ ਅਫਸੋਸ ਪ੍ਰਗਟ ਕੀਤਾ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਅਮਿਤ ਸ਼ਾਹ ਵੱਲੋਂ ‘ਸੰਵਿਧਾਨ ਦੇ ਪਿਤਾ’ ਅੰਬੇਦਕਰ ਬਾਰੇ ਕੀਤੀ ਗਈ ਭੱਦੀ ਟਿੱਪਣੀ ਲਈ ਯਾਦ ਕੀਤਾ ਜਾਇਆ ਕਰੇਗਾ। ਇਸ ਮੌਕੇ ਮੌਜੂਦ ਕਾਂਗਰਸੀ ਕਾਰਕੁਨਾਂ ਤੇ ਮੀਡੀਆ-ਕਰਮੀਆਂ ਲਈ ਬੋਪਾਰਾਏ ਨੇ ਸ਼ਾਹ ਵੱਲੋਂ ਦਿੱਤੇ ਬਿਆਨ ਸਬੰਧੀ ਵੀਡੀਓ ਦਿਖਾ ਕੇ ਕਾਂਗਰਸ ਪਾਰਟੀ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਵੀ ਕੀਤੀ।ਉਨ੍ਹਾਂ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਸ਼ਾਹ ਨੇ ਉਸ ਸਤਿਕਾਰਤ ਭਾਰਤੀ ਹਸਤੀ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕੋਈ ਵੀ ਭਾਰਤੀ ਵਿਅਕਤੀ ਜਾਂ ਸਿਆਸੀ ਪਾਰਟੀ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੰਸਦ ਦੇ ਸਾਰੇ ਪ੍ਰੋਟੋਕੋਲਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਗ੍ਰਹਿ ਮੰਤਰੀ ਦਾ ਬਚਾਅ ਕਰਨਾ ਪੈ ਰਿਹਾ ਹੈ।ਡਾ. ਅਮਰ ਸਿੰਘ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਇੰਡੀਆ ਬਲਾਕ ਦੀਆਂ ਸਾਰੀਆਂ ਪਾਰਟੀਆਂ ਨਾਲ ਸਬੰਧਤ ਕੁੱਲ 234 ਸੰਸਦ ਮੈਂਬਰਾਂ ਨੇ ਇੱਕ ਪੱਤਰ ਰਾਹੀਂ ਡਾ. ਅੰਬੇਡਕਰ ਬਾਰੇ ਸ਼ਾਹ ਦੀਆਂ ਟਿੱਪਣੀਆਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਕਾਰਵਾਈ ਨੇ ਸਬੂਤ ਦੇ ਦਿੱਤਾ ਹੈ ਕਿ ਮੋਦੀ ਸਰਕਾਰ ਨੂੰ ਆਮ ਲੋਕਾਂ ਅਤੇ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਮੈਂਬਰਾਂ ਦੇ ਸੰਵਿਧਾਨਕ ਅਧਿਕਾਰਾਂ ਬਾਰੇ ਕੋਈ ਚਿੰਤਾ ਅਤੇ ਸਤਿਕਾਰ ਨਹੀਂ ਹੈ।