ਅਖੌਤੀ ਨਸ਼ਾ ਛੁਡਾਊ ਕੇਂਦਰ ’ਚ ਭਰਤੀ 37 ਨੌਜਵਾਨ ਛੁਡਾਏ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 24 ਅਪਰੈਲ
ਪੁਲੀਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਅੱਜ ਇੱਥੋਂ ਦੀ ਹਥੋਆ ਰੋਡ ’ਤੇ ਕਈ ਵਰ੍ਹਿਆਂ ਤੋਂ ਗੁਪਤ ਰੂਪ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰੀਬ 37 ਨੌਜਵਾਨਾਂ ਨੂੰ ਛੁਡਵਾ ਕੇ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕੀਤਾ ਗਿਆ। ਅੱਜ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾ ਭੌਰਾ, ਐੱਸਐੱਮਓ ਅਮਰਗੜ੍ਹ ਡਾ. ਰਿੱਤੂ ਸੇਠੀ, ਡੀਐੱਸਪੀ ਅਮਰਗੜ੍ਹ ਦਵਿੰਦਰ ਸਿੰਘ ਸੰਧੂ ਤੇ ਐੱਸਐੱਚਓ ਅਮਰਗੜ੍ਹ ਇੰਸਪੈਕਟਰ ਗੁਰਪ੍ਰੀਤ ਕੌਰ ਦੀ ਸਾਂਝੀ ਅਗਵਾਈ ਹੇਠ ਸਿਹਤ ਤੇ ਪੁਲੀਸ ਵਿਭਾਗ ਦੀ ਟੀਮ ਵੱਲੋਂ ਸਥਾਨਕ ਹਥੋਆ ਰੋਡ ’ਤੇ ਮਕਾਨ ’ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ ਮਾਰਿਆ ਗਿਆ। ਕੇਂਦਰ ਵਿੱਚ ਦੋ ਪ੍ਰਬੰਧਕਾਂ ਸਣੇ ਕੁੱਲ 39 ਵਿਅਕਤੀ ਮੌਜੂਦ ਸਨ। ਟੀਮ ਵੱਲੋਂ ਕੇਂਦਰ ਦੀ ਤਲਾਸ਼ੀ ਦੌਰਾਨ ਉਥੇ ਪਏ ਰਜਿਸਟਰਾਂ ਦੀ ਛਾਣਬੀਣ ਕੀਤੀ ਗਈ। ‘ਏ ਨਿਊ ਹੋਪ ਫਾਊਂਡੇਸ਼ਨ’ ਨਾਂ ਹੇਠ ਇਹ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦੀਦਾਰ ਖਾਂ ਵਾਸੀ ਸੱਦੋਪੁਰ ਵੱਲੋਂ ਛਿੱਕੂ ਖਾਂ ਜਮਾਲਪੁਰਾ ਦੇ ਘਰ ਵਿੱਚ ਚਲਾਇਆ ਜਾ ਰਿਹਾ ਸੀ। ਜ਼ਿਲ੍ਹਾ ਮੈਡੀਕਲ ਕਮਿਸ਼ਨਰ (ਡੀਐੱਮਸੀ) ਡਾ. ਰਿਸ਼ਮਾ ਭੌਰਾ ਨੇ ਦੱਸਿਆ ਕਿ ਭਰਤੀ ਕੀਤੇ 37 ਦੇ ਕਰੀਬ ਨੌਜਵਾਨ ਵਾਰਸਾਂ ਨੂੰ ਸੌਂਪ ਦਿੱਤੇ ਗਏ ਹਨ ਅਤੇ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ। ਥਾਣਾ ਅਮਰਗੜ੍ਹ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਮਰਗੜ੍ਹ ਪੁਲੀਸ ਕਾਫੀ ਲੰਬੇ ਸਮੇਂ ਤੋਂ ਇਸ ਕੇਂਦਰ ’ਤੇ ਨਜ਼ਰ ਰੱਖ ਰਹੀ ਸੀ। ਅੱਜ ਸੀਲ ਕੀਤਾ ਕਥਿਤ ਜ਼ਾਅਲੀ ਨਸ਼ਾ ਛੁਡਾਊ ਕੇਂਦਰ ਜ਼ਿਲ੍ਹਾ ਮਾਲੇਰਕੋਟਲਾ ’ਚ ਪਿਛਲੇ ਅੱਠ ਮਹੀਨਿਆਂ ਦੌਰਾਨ ਅਜਿਹਾ ਤੀਜਾ ਕੇਂਦਰ ਹੈ।