ਅਕਾਲੀ ਦਲ ਨੇ 8 ਵਾਰਡਾਂ ਲਈ ਉਮੀਦਵਾਰ ਐਲਾਨੇ
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣ ਲਈ ਸ਼ਹਿਰ ਦੇ 8 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਦੇ ਦਸਤਖਤਾਂ ਹੇਠ ਜਾਰੀ ਸੂਚੀ ਵਿੱਚ ਸ਼ਹਿਰ ਦੇ ਵਾਰਡ ਨੰਬਰ 1 ਤੋਂ ਸ੍ਰੀਮਤੀ ਸ਼ੀਲਾ ਰਾਣੀ, ਵਾਰਡ ਨੰਬਰ 4 ਤੋਂ ਹਰਜੀਤ ਸ਼ਰਮਾ, ਵਾਰਡ ਨੰਬਰ 6 ਤੋਂ ਜੋਗੀ ਰਾਮ, ਵਾਰਡ ਨੰਬਰ 18 ਤੋਂ ਹਰਜੀਤ ਸਿੰਘ ਸਿੱਧੂ, ਵਾਰਡ ਨੰਬਰ 23 ਤੋਂ ਸੱਜਣ ਰਾਮ, ਵਾਰਡ ਨੰਬਰ 24 ਤੋਂ ਸੰਦੀਪ ਸਿੰਘ, ਵਾਰਡ ਨੰਬਰ 26 ਤੋਂ ਜਤਿੰਦਰ ਸਿੰਘ ਜੋਨੀ ਅਤੇ ਵਾਰਡ ਨੰਬਰ 29 ਤੋਂ ਸ੍ਰੀਮਤੀ ਸਿਮਰਤ ਰਾਣਾ ਪੂਨੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਭਾਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਅਦ ਦੁਪਹਿਰ 10 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਪਰ ਸ਼ਾਮ ਹੁੰਦਿਆਂ ਦੋ ਜਣਿਆਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ। ਵਾਰਡ ਨੰਬਰ 10 ਤੋਂ ਪਰਦੀਪ ਪੁਰੀ (ਪੱਪ) ਅਤੇ ਵਾਰਡ ਨੰਬਰ 3 ਤੋਂ ਪ੍ਰਵੀਨ ਕੁਮਾਰੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਪਰ ਕੁੱਝ ਘੰਟਿਆਂ ਬਾਅਦ ਹੀ ਇਨ੍ਹਾਂ ਦੋਵਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ। ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਬਾਕਾਇਦਾ ਲਿਖਤੀ ਰੂਪ ਵਿਚ ਦੋਵਾਂ ਦੀ ਉਮੀਦਵਾਰੀ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ।
ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਦਾਅਵਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਧੜਿਆਂ ਦਾ ਧਿਆਨ ਰੱਖ ਕੇ ਚੋਣ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੀ ਸਕਰੀਨਿੰਗ ਕਰਕੇ ਸੂਚੀ ਭੇਜੀ ਗਈ ਸੀ ਜਿਸਨੂੰ ਜਾਰੀ ਕੀਤਾ ਗਿਆ ਹੈ। ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਚੋਣ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਉਮੀਦਵਾਰਾਂ ਦੀ ਚੋਣ ’ਤੇ ਪੂਰਨ ਭਰੋਸਾ ਜਤਾਉਂਦਿਆਂ ਕਿਹਾ ਕਿ ਇਹ ਚੋਣ ਸੰਗਰੂਰ ਸ਼ਹਿਰ ਦੇ ਵਿਕਾਸ ਅਤੇ ਸ਼ਹਿਰ ਨਿਵਾਸੀਆਂ ਦੇ ਹਿੱਤਾਂ ਦੀ ਰਾਖੀ ਲਈ ਲੜੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਤ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਪੁਰਾਣੇ ਅਤੇ ਸਾਫ਼ ਅਕਸ ਵਾਲੇ ਉਮੀਦਵਾਰਾਂ ਨੂੰ ਕਈ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਈ ਜਾ ਰਹੀ ਹੈ ਜਦੋਂਕਿ ਬਾਕੀ ਵਾਰਡਾਂ ਵਿੱਚ ਹਮਖਿਆਲ ਪਾਰਟੀਆਂ ਦੇ ਉਮੀਦਵਾਰਾਂ ਦੀ ਮੱਦਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁੱਲ 29 ਵਾਰਡਾਂ ’ਚੋਂ 19 ਵਾਰਡਾਂ ’ਚ ਭਾਜਪਾ ਦੇ ਉਮੀਦਵਾਰ ਚੋਣ ਲੜ ਰਹੇ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ 10 ਵਾਰਡਾਂ ’ਚੋਂ ਚੋਣ ਲੜੀ ਜਾ ਰਹੀ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ (ਜੋ ਕਿ ਹੁਣ ਭੰਗ ਕੀਤੀ ਜਾ ਚੁੱਕੀ ਹੈ) ਨਾਲ ਸਬੰਧਤ ਉਮੀਦਵਾਰ ਵੱਖਰੇ ਤੌਰ ’ਤੇ ਆਜ਼ਾਦ ਚੋਣ ਲੜ ਰਹੇ ਹਨ।