ਸੰਗਰੂਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਜ਼ੋਨ ਪੱਧਰੀ ਰੈਲੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਨਵੰਬਰ
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਜ਼ੋਨ ਪੱਧਰੀ ਰੈਲੀ ਸਥਾਨਕ ਡੀਸੀ ਦਫ਼ਤਰ ਅੱਗੇ ਕੀਤੀ ਗਈ, ਜਿਸ ਵਿਚ ਸੰਗਰੂਰ ਤੋਂ ਇਲਾਵਾ ਚੰਡੀਗੜ੍ਹ, ਮੁਹਾਲੀ, ਪਟਿਆਲਾ ਅਤੇ ਬਰਨਾਲਾ ਜ਼ਿਲ੍ਹਿਆਂ ਤੋਂ ਪਾਰਟੀ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਪਾਰਟੀ ਆਗੂ ਕੁਲਵੰਤ ਸਿੰਘ ਮੌਲਵੀ ਵਾਲਾ, ਭਰਪੂਰ ਸਿੰਘ ਬੁਲਾਪੁਰ, ਖੁਸ਼ੀਆ ਸਿੰਘ ’ਤੇ ਆਧਾਰਿਤ ਪ੍ਰਧਾਨਗੀ ਮੰਡਲ ਅਤੇ ਜ਼ਿਲ੍ਹਾ ਸਕੱਤਰ ਸੁਖਦੇਵ ਸ਼ਰਮਾ ਦੇ ਮੰਚ ਸੰਚਾਲਨ ਅਧੀਨ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੇਂਦਰੀ ਸਕੱਤਰੇਤ ਮੈਂਬਰ ਡਾ. ਗਰੀਸ਼ ਸ਼ਰਮਾ ਤੇ ਡਾ. ਬੀਐੱਸ ਕਾਂਗੋ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਫਾਸ਼ੀਵਾਦ ਵੱਲ ਵਧ ਰਹੀ ਹੈ ਅਤੇ ਦੇਸ਼ ਅੰਦਰ ਫਿਰਕੂ ਕਤਾਰਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਨਾਲ ਧੱਕਾ ਕੀਤਾ ਜਾ ਰਿਹਾ। ਸੂਬਾ ਸਕੱਤਰ ਸੀਪੀਆਈ ਸਾਥੀ ਬੰਤ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਬੇਇਨਸਾਫੀ ਕਰ ਰਹੀ ਹੈ, ਚੰਡੀਗੜ੍ਹ ਪੰਜਾਬ ਨੂੰ ਦੇਣ ਤੋਂ ਟਾਲ-ਮਟੋਲ ਕਰਦੇ ਆ ਰਹੇ ਹਰਿਆਣੇ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ ਜਗ੍ਹਾ ਦੇਣ ਦਾ ਨਿੰਦਣਯੋਗ ਕੰਮ ਕਰ ਰਹੀ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ। ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੀਪੀਆਈ ਪੰਜਾਬ ਵਿੱਚ ਪੰਜ ਰੈਲੀਆਂ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਕੇ ਲਗਾਤਾਰ ਸੰਘਰਸ਼ ਕਰਨ ਦਾ ਸੱਦਾ ਦਿੰਦੀ ਹੈ।
ਸਾਥੀ ਬਲਦੇਵ ਸਿੰਘ ਨਿਹਾਲਗੜ੍ਹ ਮੈਂਬਰ ਸੂਬਾ ਸਕੱਤਰੇਤ ,ਸਾਥੀ ਕਸ਼ਮੀਰ ਸਿੰਘ ਗਦਾਈਆ ਮੈਂਬਰ ਸੂਬਾ ਸਕੱਤਰੇਤ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਲਈ ਭਗਤ ਸਿੰਘ ਦੇ ਨਾਂ ’ਤੇ ਕਾਨੂੰਨ ਬਣਾ ਕੇ ਬੇਰੁਜ਼ਗਾਰੀ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਇੱਕ ਮਤੇ ਰਾਹੀਂ ਮੰਗ ਕੀਤੀ ਕਿ ਸਰਕਾਰੀ ਮੁਲਾਜ਼ਮਾਂ ਦਾ ਪੇਅ ਸਕੇਲ, ਬਕਾਇਆ, ਡੀਏ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਘੱਟੋ ਘੱਟ ਉਜਰਤਾਂ ਵਿੱਚ ਤੁਰੰਤ ਸੋਧ ਕੀਤੀ ਜਾਵੇ।