ਜ਼ੋਨਲ ਯੁਵਕ ਮੇਲਾ: ਖ਼ਾਲਸਾ ਕਾਲਜ ਗੜ੍ਹਦੀਵਾਲਾ ਦੀ ਵਧੀਆ ਕਾਰਗੁਜ਼ਾਰੀ
ਪੱਤਰ ਪ੍ਰੇਰਕ
ਮੁਕੇਰੀਆਂ, 19 ਅਕਤੂਬਰ
ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਦੇ (ਜ਼ੋਨ-5) ਜ਼ੋਨਲ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਯੁਵਕ ਸੇਵਾਵਾਂ ਵਿਭਾਗ ਦੇ ਕਨਵੀਨਰ ਗੁਰਪਿੰਦਰ ਸਿੰਘ (ਅਸਿਸਟੈਂਟ ਪ੍ਰੋਫੈਸਰ) ਨੇ ਦੱਸਿਆ ਕਿ ਕਾਲਜ ਦੇ 56 ਵਿਦਿਆਰਥੀਆਂ ਨੇ 39 ਟੀਮਾਂ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ ਗੀਤ ਅਤੇ ਵਿਰਾਸਤੀ ਸਮੂਹ ਗਾਇਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਗਰੁੱਪ ਸ਼ਬਦ, ਗਰੁੱਪ ਸੌਂਗ ਇੰਡੀਅਨ, ਕਵੀਸ਼ਰੀ, ਕਲੀ ਅਤੇ ਕਵਿਤਾ ਲੇਖਣ ਵਿੱਚ ਦੂਜਾ ਸਥਾਨ ਜਦੋਂਕਿ ਲੋਕ ਗੀਤ ਵਿੱਚ ਪ੍ਰਭਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਈਸ਼ਵਰਜੋਤ ਕੌਰ ਨੇ ਗਰੁੱਪ ਸ਼ਬਦ ਅਤੇ ਵਾਰ ਵਿੱਚ ਦੂਜਾ ਸਥਾਨ, ਕਿਰਨਦੀਪ ਕੌਰ ਨੇ ਇੰਡੀਅਨ ਆਰਕੈਸਟਰਾ ਵਿੱਚ ਦੂਜਾ ਅਤੇ ਅੰਜਲੀ ਨੇ ਵਿਰਾਸਤੀ ਸਮੂਹ ਗੀਤ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਹੁਸ਼ਿਆਰਪੁਰ ਜ਼ੋਨ-5 ਅਧੀਨ ਆਉਂਦੇ 31 ਕਾਲਜਾਂ ਦੇ ਇਸ ਵਿਰਾਸਤੀ ਮੇਲੇ ਵਿੱਚ ਕਾਲਜ ਦੀਆਂ 12 ਟੀਮਾਂ ਜੇਤੂ ਰਹੀਆਂ ਅਤੇ 8 ਟੀਮਾਂ ਪਹਿਲੇ ਅਤੇ 4 ਦੂਜੇ ਸਥਾਨ ’ਤੇ ਰਹੀਆਂ।
ਵੇਟਲਿਫਟਿੰਗ: ਫਿਲੌਰ ਸਕੂਲ ਨੇ ਓਵਰਆਲ ਚੈਪੀਅਨਸ਼ਿਪ ਜਿੱਤੀ
ਫਿਲੌਰ (ਪੱਤਰ ਪ੍ਰੇਰਕ): ਸਥਾਨਕ ਸਕੂਲ ਆਫ ਐਮੀਨੈਂਸ ਵਿੱਚ ਅੰਡਰ 19 (ਲੜਕੇ) ਸਕੂਲ ਜ਼ਿਲ੍ਹਾ ਵੇਟਲਿਫਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਦਾ ਉਦਘਾਟਨ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਵੈਭਬ ਸ਼ਰਮਾ ਨੇ ਕੀਤਾ। ਮੁਕਬਾਲਿਆਂ ’ਚ ਓਵਰਆਲ ਚੈਂਪੀਅਨਸ਼ਿਪ ਸਕੂਲ ਆਫ ਐਮੀਨੈਂਸ ਫਿਲੌਰ ਨੇ ਪ੍ਰਾਪਤ ਕੀਤੀ। ਸਕੂਲ ਆਫ ਐਮੀਨੈਂਸ ਫਿਲੌਰ ਦੇ ਵਿਦਿਆਰਥੀਆ ਨੇ 4 ਸੋਨੇ, 1 ਚਾਂਦੀ, 3 ਕਾਂਸੀ ਦੇ ਤਗ਼ਮੇ ਪ੍ਰਾਪਤ ਕੀਤੇ। ਦੂਸਰਾ ਸਥਾਨ ਸਕੂਲ ਆਫ ਐਮੀਨੈਂਸ ਭਾਰਗੋ ਕੈਂਪ ਜਲੰਧਰ, ਤੀਜਾ ਸਸਸਸ ਬੜਾਪਿੰਡ ਨੇ ਪ੍ਰਾਪਤ ਕੀਤਾ। ਡੀਈਓ ਜਲੰਧਰ ਗੁਰਇੰਦਰ ਕੌਰ ਦੀ ਅਗਵਾਈ ਹੇਠ ਕਰਵਾਈ ਚੈਂਪੀਅਨਸ਼ਿਪ ’ਚ ਸਕੂਲ ਦੇ ਪ੍ਰਿੰਸੀਪਲ ਰਾਜਵੰਤ ਸਿੰਘ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੇਸ਼ ਲਾਲ ਘੇੜਾ ਆਦਿ ਨੇ ਵਧ ਚੜ੍ਹ ਕੇ ਯੋਗਦਾਨ ਪਾਇਆ।