ਮਹਾਰਾਜਾ ਰਣਜੀਤ ਸਿੰਘ ਕਾਲਜ ਵਿੱਚ ਜ਼ੋਨਲ ਯੂਥ ਫੈਸਟੀਵਲ ਸ਼ੁਰੂ
ਲਖਵਿੰਦਰ ਸਿੰਘ
ਮਲੋਟ, 5 ਨਵੰਬਰ
ਨਾਮਵਰ ਵਿਦਿਅਕ ਅਦਾਰੇ ਮਹਾਰਾਜਾ ਰਣਜੀਤ ਸਿੰਘ ਕਾਲਜ, ਮਲੋਟ ਵਿਚ ਪੰਜ ਰੋਜ਼ਾ ਜ਼ੋਨਲ ਯੂਥ ਫੈਸਟੀਵਲ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਤ੍ਰਿਪਾਠੀ ਅਤੇ ਉੱਪ ਮੰਡਲ ਮੈਜਿਸਟਰੇਟ ਮਲੋਟ ਡਾ. ਸੰਜੀਵ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਸੰਧੂ, ਡਾਇਰੈਕਟਰ ਹਰਦੀਪ ਸਿੰਘ ਸੰਧੂ ਦੀਪ ਕੋਲਿਆਂਵਾਲੀ ਅਤੇ ਪ੍ਰਿੰਸੀਪਲ ਰਜਿੰਦਰ ਸਿੰਘ ਸੇਖੋਂ ਆਦਿ ਨੇ ਜੀ ਆਇਆਂ ਕਿਹਾ। ਕਾਲਜ ਵੱਲੋਂ ਪੰਜ ਦਿਨਾਂ ਦੇ ਇਸ ਸਮਾਗਮ ਨੂੰ ਪ੍ਰਤੀ ਦਿਨ ਤਿੰਨ-ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਦਿਨ ਹੋਏ ਹੋਰ ਦਿਲ ਖਿੱਚਵੇਂ ਵੱਖ-ਵੱਖ ਮੁਕਾਬਲਿਆਂ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਦਾ ਗਿੱਧਾ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਵੱਖ-ਵੱਖ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪੁਰਾਤਨ ਵਿਰਸੇ ਨਾਲ ਸੰਬੰਧਤ ਵਸਤਾਂ ਦੀ ਪ੍ਰਦਰਸ਼ਨੀ ਅਤੇ ਕਿਤਾਬਾਂ ਦੀਆਂ ਸਟਾਲਾਂ ਵੀ ਲਾਈਆਂ ਗਈਆਂ ਸਨ। ਇਸ ਮੌਕੇ ਕਾਲਜ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਤ੍ਰਿਪਾਠੀ ਨੂੰ ਲੋਈ ਅਤੇ ਇਕ ਪੌਦਾ, ਸਨਮਾਨ ਚਿੰਨ੍ਹ ਵਜੋਂ ਭੇਟ ਕਰਕੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਦਾ ਸੁਨੇਹਾ ਵੀ ਦਿੱਤਾ।