ਗੁਰੂ ਨਾਨਕ ਦੇਵ ’ਵਰਸਿਟੀ ’ਚ ਜ਼ੋਨਲ ਯੁਵਕ ਮੇਲਾ ਸ਼ੁਰੂ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 29 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਕਪੂਰਥਲਾ ਤੇ ਫਗਵਾੜਾ ਜ਼ਿਲ੍ਹਿਆਂ ਦੇ ਕਾਲਜਾਂ ਦਾ ਡੀ-ਜ਼ੋਨ ਯੁਵਕ ਮੇਲਾ ਅੱਜ ਯੂਨਵਿਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਵੱਲੋਂ ਭੰਗੜੇ, ਗਿੱਧੇ ਅਤੇ ਜਨਰਲ ਡਾਂਸ ਦੀਆਂ ਪੇਸ਼ਕਾਰੀਆਂ ਨਾਲ ਸ਼ੁਰੂ ਹੋਇਆ। ਮੇਲੇ ਦਾ ਉਦਘਾਟਨ ਡੀਨ (ਵਿਦਿਆਰਥੀ ਭਲਾਈ) ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੀਪ ਜਗਾ ਕੇ ਕੀਤਾ। ਉਨ੍ਹਾਂ ਨਾਲ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਤੋਂ ਇਲਾਵਾ ਹੋਰ ਟੀਮ ਮੈਂਬਰ ਹਾਜ਼ਰ ਸਨ। ਪ੍ਰੋ. ਬੇਦੀ ਨੇ ਕਿਹਾ ਕਿ ਯੁਵਕ ਮੇਲਿਆਂ ਵਿੱਚ ਭਾਗ ਲੈਣਾ ਵਿਦਿਆਰਥੀਆਂ ਦੇ ਨਿੱਜੀ ਅਤੇ ਸਮਾਜਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਨੌਜਵਾਨਾਂ ਨੂੰ ਸੰਗੀਤ, ਡਾਂਸ, ਥੀਏਟਰ, ਜਾਂ ਵੱਖ-ਵੱਖ ਕਲਾਤਮਕ ਦਿਸ਼ਾਵਾਂ ਵਿਚ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਨ ਲਈ ਇਵੱਡਾ ਪਲੇਟਫਾਰਮ ਪੇਸ਼ ਕਰਦੇ ਹਨ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਦਸਮੇਸ਼ ਆਡੀਟੋਰੀਅਮ ਵਿੱਚ ਭੰਗੜਾ, ਗਿੱਧਾ, ਜਨਰਲ ਡਾਂਸ, ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸਾਂਗ, ਵੈਸਟਰਨ ਇੰਸ. ਸੋਲੋ ਤੇ ਲੋਕ ਸਾਜ਼ ਦੇ ਮੁਕਾਬਲੇ ਕਰਵਾਏ ਗਏ। ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਵਾਰ ਗਾਇਨ, ਕਵਿਸ਼ਰੀ, ਕਲਾਸੀਕਲ ਵੋਕਲ ਸੋਲੋ, ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ), ਕਲਾਸੀਕਲ ਇੰਸਟਰੂਮੈਂਟਲ (ਨਾਨ-ਪਰਕਸ਼ਨ) ਦਾ ਆਯੋਜਨ ਕੀਤਾ ਗਿਆ।
ਆਰਕੀਟੈਕਚਰ ਵਿਭਾਗ ਦੇ ਤੀਜੇ ਮੰਚ ‘ਤੇ ਪੇਂਟਿੰਗ ਆਨ ਦਾ ਸਪਾਟ, ਕਾਰਟੂਨਿੰਗ, ਕੋਲਾਜ, ਕਲੇਅ ਮਾਡਲਿੰਗ, ਆਨ ਦਾ ਸਪਾਟ ਫੋਟੋਗ੍ਰਾਫੀ ਤੇ ਇੰਸਟਾਲੇਸ਼ਨ ਦੇ ਮੁਕਾਬਲੇ ਕਰਵਾਏ ਗਏ। ਕਾਨਫਰੰਸ ਹਾਲ ਵਿੱਚ ਕੁਇਜ਼ ਪ੍ਰੀਲਿਮਨਰੀ ਅਤੇ ਫਾਈਨਲ ਦੇ ਮੁਕਾਬਲੇ ਕਰਵਾਏ ਗਏ।