ਕਿਸਾਨ ਜਥੇਬੰਦੀ ਵੱਲੋਂ ਜ਼ੋਨ ਪੱਧਰੀ ਮੀਟਿੰਗਾਂ
ਪੱਤਰ ਪ੍ਰੇਰਕ
ਮਜੀਠਾ, 1 ਅਗਸਤ
ਕਿਸਾਨ ਜਥੇਬੰਦੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਪੰਜਾਬ ਸਰਕਾਰ ਵਲੋਂ ਸਿਰਫ ਸੋਸ਼ਲ ਮੀਡੀਆ ਉਪਰ ਕੀਤੀ ਜਾ ਰਹੀ ਝੂਠੀ ਡਰਾਮੇਬਾਜ਼ੀ ਵਿਰੁੱਧ ਲਾਮਬੰਦ ਹੋ ਕੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਅੱਜ ਜ਼ੋਨ ਮਜੀਠਾ, ਬਾਬਾ ਬੁੱਢਾ ਜੀ ਅਤੇ ਜ਼ੋਨ ਕੱਥੂਨੰਗਲ ਦੇ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਹੜ੍ਹ ਦੀ ਮਾਰ ਦੌਰਾਨ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਰਾਹਤ ਕਾਰਜਾਂ ਦੇ ਪ੍ਰਬੰਧਾਂ ’ਚ ਨਾਕਾਮ ਰਹਿਣ ’ਤੇ 22 ਅਗਸਤ ਨੂੰ ਉੱਤਰ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਕੂਚ ਦੇ ਐਲਾਨ ਦੇ ਚਲਦੇ ਜਥੇਬੰਦੀ ਦੀਆਂ ਤਿਆਰੀਆਂ ਦੇ ਪ੍ਰੋਗਰਾਮ ਉਲੀਕੇ ਗਏ ਹਨ| ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਸੈਂਕੜੇ ਟ੍ਰੈਕਟਰ ਟਰਾਲੀਆਂ ਦੇ ਕਾਫਲੇ ਰਵਾਨਾ ਕਰਨ ਲਈ ਪਿੰਡ ਪੱਧਰੀ ਤਿਆਰੀ ਲਈ ਮੀਟਿੰਗਾਂ ਅਤੇ 13 ਅਗਸਤ ਨੂੰ ਬੀਬੀਆਂ ਦੀ ਕਨਵੈਨਸ਼ਨ ਪਿੰਡ ਮਰੜੀ ਨਾਮਦੇਵ ਵਿੱਚ ਕਰਵਾਈ ਜਾਵੇਗੀ| ਇਸ ਮੌਕੇ ਜ਼ਿਲ੍ਹਾ ਆਗੂ ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਮੁਖਤਾਰ ਸਿੰਘ ਭੰਗਵਾ, ਲਖਬੀਰ ਸਿੰਘ ਕੱਥੂਨੰਗਲ, ਗੁਰਬਾਜ਼ ਸਿੰਘ ਭੁੱਲਰ, ਮੇਜ਼ਰ ਸਿੰਘ ਅਬਦੁਲ, ਗੁਰਦੀਪ ਸਿੰਘ ਹਮਜ਼ਾ, ਕਿਰਪਾਲ ਸਿੰਘ ਕਲੇਰ, ਕਾਬਲ ਸਿੰਘ ਵਰਿਆਮ ਨੰਗਲ ਤੇ ਅਵਤਾਰ ਸਿੰਘ ਜਹਾਂਗੀਰ ਆਦਿ ਹਾਜ਼ਰ ਸਨ।