ਜ਼ੀਰਕਪੁਰ ਬਾਈਪਾਸ: 11 ਸਾਲਾਂ ਬਾਅਦ ਕੰਮ ਸ਼ੁਰੂ ਹੋਣ ਦੀ ਆਸ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਸਤੰਬਰ
ਜ਼ੀਰਕਪੁਰ ਬਾਈਪਾਸ ਬਣਾਉਣ ਦਾ ਪਿਛਲੇ 11 ਸਾਲਾਂ ਤੋਂ ਰੁਕਿਆ ਪ੍ਰਾਜੈਕਟ ਮੁੜ ਤੋਂ ਲੀਹ ’ਤੇ ਆ ਗਿਆ ਹੈ। ਇਸ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਨੇ 200 ਫੁੱਟ ਚੌੜੇ ਤੇ ਛੇ ਮਾਰਗੀ ਬਾਈਪਾਸ ਦੀ ਉਸਾਰੀ ਲਈ ਨਵੀਂ ਯੋਜਨਾ ਤਿਆਰ ਕਰ ਲਈ ਹੈ। ਇਹ ਪ੍ਰਾਜੈਕਟ ਅੰਬਾਲਾ ਵਾਲੇ ਪਾਸੇ ਤੋਂ ਸ਼ਿਮਲਾ ਜਾਣ ਵਾਲੇ ਯਾਤਰੀਆਂ ਨੂੰ ਬਦਲਵਾਂ ਰਸਤਾ ਪ੍ਰਦਾਨ ਕਰੇਗਾ।
ਕੱਲ੍ਹ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ 23 ਮੈਂਬਰੀ ਯੂਨੀਫਾਈਡ ਮੈਟਰੋ ਟਰਾਂਸਪੋਰਟੇਸ਼ਨ ਅਥਾਰਟੀ (ਯੂਐਮਟੀਏ) ਦੀ ਮੀਟਿੰਗ ਦੌਰਾਨ, ਐੱਨਐੱਚਏਆਈ ਨੇ ਪ੍ਰਾਜੈਕਟ ਬਾਰੇ ਪੇਸ਼ਕਾਰੀ ਦਿੱਤੀ। ਐੱਨਐੱਚਏਆਈ ਨੇ ਕਿਹਾ ਕਿ ਜ਼ੀਰਕਪੁਰ ਤੇ ਪੰਚਕੂਲਾ ਨੂੰ ਜੋੜਨ ਵਾਲੇ ਬਾਈਪਾਸ ਦੀ ਉਸਾਰੀ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਹ ਰੂਟ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀ ਆਵਾਜਾਈ ਲਈ ਸਿੱਧਾ ਰਸਤਾ ਪ੍ਰਦਾਨ ਕਰੇਗਾ। ਇਸ ਨਾਲ ਸ਼ਹਿਰੀ ਟ੍ਰਾਈਸਿਟੀ ਖੇਤਰ ਵਿੱਚ ਭੀੜ ਘਟੇਗੀ। ਇਹ ਬਾਈਪਾਸ ਚੰਡੀਮੰਦਰ ਪੱਛਮੀ ਕਮਾਂਡ ਦੇ ਮੁੱਖ ਦਫ਼ਤਰ ਤੋਂ ਚੰਡੀਗੜ੍ਹ ਹਵਾਈ ਅੱਡੇ ਤੱਕ ਸਿਗਨਲ-ਮੁਕਤ ਕਨੈਕਟੀਵਿਟੀ ਦੀ ਪੇਸ਼ਕਸ਼ ਕਰੇਗਾ।
ਪ੍ਰਸਤਾਵਿਤ ਬਾਈਪਾਸ ਲਗਪਗ 16.5 ਕਿਲੋਮੀਟਰ ਲੰਬਾ ਹੋਵੇਗਾ, ਜੋ ਪਟਿਆਲਾ-ਜ਼ੀਰਕਪੁਰ ਲਾਈਟ ਪੁਆਇੰਟ ਤੋਂ ਸ਼ੁਰੂ ਹੋ ਕੇ ਪੁਰਾਣੇ ਪੰਚਕੂਲਾ ਲਾਈਟ ਪੁਆਇੰਟ ’ਤੇ ਸਮਾਪਤ ਹੋਵੇਗਾ। ਦੂਜੇ ਪਾਸੇ, ਬਾਈਪਾਸ ਅੰਬਾਲਾ-ਜ਼ੀਰਕਪੁਰ ਹਾਈਵੇਅ ’ਤੇ ਮੈਕਡੋਨਲਡਜ਼ ਨੂੰ ਪਾਰ ਕਰੇਗਾ, ਪੀਰ ਮੁਛੱਲਾ, ਗਾਜ਼ੀਪੁਰ ਅਤੇ ਨਗਲਾ ਤੋਂ ਲੰਘੇਗਾ, ਪੰਚਕੂਲਾ ਦੇ ਸੈਕਟਰ 20 ਅਤੇ 21 ਵਾਲੀ ਸੜਕ ਤੱਕ ਬਣਾਇਆ ਜਾਵੇਗਾ।