ਜ਼ੀਕਾ ਵਾਇਰਸ: ਸਿਹਤ ਮੰਤਰਾਲੇ ਵੱਲੋਂ ਸੂਬਿਆਂ ਨੂੰ ਸੇਧਾਂ ਜਾਰੀ
ਨਵੀਂ ਦਿੱਲੀ, 3 ਜੁਲਾਈ
ਮਹਾਰਾਸ਼ਟਰ ਵਿੱਚ ਜ਼ੀਕਾ ਵਾਇਰਸ ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਸਾਰੇ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕਰ ਕੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਰਭਵਤੀ ਔਰਤਾਂ ਦੀ ਜਾਂਚ ਕਰਵਾਉਣ ਵੱਲ ਧਿਆਨ ਦੇਣ ਅਤੇ ਟੈਸਟ ਪਾਜ਼ੇਟਿਵ ਆਉਣ ’ਤੇ ਔਰਤਾਂ ਦੇ ਭਰੂਣ ਦੇ ਵਿਕਾਸ ਦੀ ਨਿਗਰਾਨੀ ਕਰਨ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ ਵੱਲੋਂ ਜਾਰੀ ਸੇਧ ਤੋਂ ਇਲਾਵਾ ਮੰਤਰਾਲੇ ਨੇ ਸਿਹਤ ਸੰਸਥਾਵਾਂ ਨੂੰ ਇੱਕ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਜ਼ੀਕਾ ਵਾਇਰਸ ਦੀ ਲਾਗ ਏਡੀਜ਼ ਮੱਛਰ ਲੜਨ ਨਾਲ ਫੈਲਦੀ ਹੈ। ਇਹ ਮੱਛਰ ਡੇਂਗੂ ਅਤੇ ਚਿਕਨਗੁਨੀਆ ਦਾ ਕਾਰਨ ਵੀ ਬਣਦਾ ਹੈ। ਹਾਲਾਂਕਿ ਜ਼ੀਕਾ ਦੀ ਲਾਗ ਨਾਲ ਮੌਤ ਨਹੀਂ ਹੁੰਦੀ ਪਰ ਪੀੜਤ ਗਰਭਵਤੀ ਔਰਤ ਦੇ ਬੱਚੇ ਨੂੰ ‘ਮਾਈਕਰੋਸੇਫਲੀ’ ਦੀ ਸਮੱਸਿਆ ਹੋ ਸਕਦੀ ਹੈ, ਜਿਸ ਵਿਚ ਉਸ ਦੇ ਸਿਰ ਦਾ ਆਕਾਰ ਆਮ ਨਾਲੋਂ ਛੋਟਾ ਹੋ ਜਾਂਦਾ ਹੈ। ਇਸ ਸਾਲ 2 ਜੁਲਾਈ ਤੱਕ ਪੁਣੇ, ਕੋਹਲਾਪੁਰ ਅਤੇ ਸੰਗਮਨੇਰ ਵਿੱਚ ਅੱਠ ਮਾਮਲੇ ਸਾਹਮਣੇ ਆਏ ਹਨ।-ਪੀਟੀਆਈ