For the best experience, open
https://m.punjabitribuneonline.com
on your mobile browser.
Advertisement

ਸਿਫ਼ਰ ਕਾਲ: ਪ੍ਰਤਾਪ ਬਾਜਵਾ ਨੂੰ ਸਪੀਕਰ ਦੇ ਯੂ-ਟਰਨ ’ਤੇ ਇਤਰਾਜ਼

08:48 AM Sep 05, 2024 IST
ਸਿਫ਼ਰ ਕਾਲ  ਪ੍ਰਤਾਪ ਬਾਜਵਾ ਨੂੰ ਸਪੀਕਰ ਦੇ ਯੂ ਟਰਨ ’ਤੇ ਇਤਰਾਜ਼
ਵਿਧਾਨ ਸਭਾ ਵਿੱਚ ਮੱਥੇ ’ਤੇ ਹੱਥ ਧਰ ਕੇ ਕੁਝ ਸੋਚਦੇ ਹੋਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ। -ਫੋਟੋ: ਵਿੱਕੀ ਘਾਰੂ
Advertisement

ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 4 ਸਤੰਬਰ
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਏਐੱਸਆਈ ਬੋਹੜ ਸਿੰਘ ਦੇ ਮਾਮਲੇ ’ਤੇ ਯੂ ਟਰਨ ਨੂੰ ਲੈ ਕੇ ਸਪੀਕਰ ’ਤੇ ਇਤਰਾਜ਼ ਕੀਤਾ। ਬਾਜਵਾ ਨੇ ਕਿਹਾ ਕਿ ਜਦੋਂ ਸਮੁੱਚੇ ਹਾਊਸ ਦੀ ਸਹਿਮਤੀ ਲੈ ਕੇ ਏਐੱਸਆਈ ਬੋਹੜ ਸਿੰਘ ਦੇ ਮਾਮਲੇ ’ਤੇ ਡੀਜੀਪੀ ਤੋਂ ਰਿਪੋਰਟ ਤਲਬ ਕੀਤੇ ਜਾਣ ਦਾ ਫ਼ੈਸਲਾ ਹੋਇਆ ਸੀ ਤਾਂ ਉਹ (ਸਪੀਕਰ) ਇਸ ਫ਼ੈਸਲੇ ਤੋਂ ਪਲਟਣ ਤੋਂ ਪਹਿਲਾਂ ਮੁੜ ਸਮੁੱਚੇ ਹਾਊਸ ਦੀ ਸਹਿਮਤੀ ਲੈਂਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ’ਤੇ ਹਾਊਸ ਦੀ ਕਮੇਟੀ ਬਣਨੀ ਚਾਹੀਦੀ ਹੈ। ਸਪੀਕਰ ਸੰਧਵਾਂ ਨੇ ਬਾਜਵਾ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਹਾਊਸ ਦੀ ਭਾਵਨਾ ਦੇ ਮੱਦੇਨਜ਼ਰ ਹੀ ਗ੍ਰਹਿ ਸਕੱਤਰ ਤੋਂ ਰਿਪੋਰਟ ਮੰਗੀ ਹੈ। ਏਐੱਸਆਈ ਬੋਹੜ ਸਿੰਘ ਨੇ ਅਕਾਲੀ ਅਤੇ ਕਾਂਗਰਸੀ ਰਾਜ ਵਿਚ ਪੰਜਾਹ-ਪੰਜਾਹ ਹਜ਼ਾਰ ਰਿਸ਼ਵਤ ਲਈ ਸੀ ਅਤੇ ਕੇਸ ਹੁਣ ਮੌਜੂਦਾ ਸਰਕਾਰ ਨੇ ਦਰਜ ਕੀਤਾ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਇਸ ਮਾਮਲੇ ’ਤੇ ਕਿਹਾ ਕਿ ਇਹ ਨਵੀਂ ਪਿਰਤ ਪਾ ਦਿੱਤੀ ਗਈ ਹੈ ਕਿ ਏਐੱਸਆਈ ਦੇ ਮਾਮਲੇ ’ਤੇ ਵਿਧਾਨ ਸਭਾ ਵਿਚ ਵਿਚਾਰ ਚਰਚਾ ਹੋ ਰਹੀ ਹੈ, ਜਿਸ ਕਰਕੇ ਹਾਊਸ ਦੀ ਕੋਈ ਮਰਿਆਦਾ ਨਹੀਂ ਰਹਿ ਗਈ। ਪਰਗਟ ਸਿੰਘ ਨੇ ਕਿਹਾ ਕਿ ਵੱਡੇ ਵੱਡੇ ਅਫ਼ਸਰ ਨਸ਼ੇ ਵੇਚ ਕੇ ਚੱਲਦੇ ਬਣੇ। ਹਾਕਮ ਧਿਰ ਨੇ ਜ਼ੋਰ ਪਾਇਆ ਕਿ ਅਜਿਹੇ ਅਫ਼ਸਰਾਂ ਦੇ ਨਾਮ ਲਏ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨਫਰਤੀ ਅਪਰਾਧ ਦਾ ਪਸਾਰ ਕਰ ਰਹੀ ਹੈ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਇਸ ਦੀ ਹਮਾਇਤ ਕਰ ਰਹੀ ਹੈ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿਚਲੀ 255 ਏਕੜ ਬੀੜ ਦੀ ਮਲਕੀਅਤ ਸਰਕਾਰ ਆਪਣੇ ਨਾਮ ’ਤੇ ਕਰਾਉਣ ਲਈ ਕਾਰਵਾਈ ਸ਼ੁਰੂ ਕਰੇ, ਜਦੋਂ ਕਿ ਵਿਧਾਇਕ ਗੁਰਲਾਲ ਸਿੰਘ ਨੇ ਖੇਡ ਫੈਡਰੇਸ਼ਨਾਂ ਵੱਲੋਂ ਖੇਡ ਟਰਾਇਲਾਂ ਵਿਚ ਖਿਡਾਰੀਆਂ ਤੋਂ ਪੈਸੇ ਲੈਣ ਦਾ ਮੁੱਦਾ ਚੁੱਕਿਆ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਲੁਧਿਆਣਾ ਜ਼ਿਲ੍ਹੇ ਵਿਚ ਲੱਗ ਰਹੇ ਸੀਐਨਜੀ ਪਲਾਂਟ ਦੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਵਾਤਾਵਰਨ ਦੇ ਮੁੱਦੇ ’ਤੇ ਇੱਕ ਦਿਨ ਦਾ ਸੈਸ਼ਨ ਰੱਖਿਆ ਜਾਵੇ। ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਭੋਗਪੁਰ ਖੰਡ ਮਿੱਲ ਵਿਚਲੇ ਸੀਐਨਜੀ ਪਲਾਂਟ ਦੇ ਪ੍ਰਦੂਸ਼ਣ ਦਾ ਮਾਮਲਾ ਉਠਾਇਆ। ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਦੋ ਸੜਕਾਂ ’ਤੇ ਇੰਨੇ ਖੱਡੇ ਹਨ ਕਿ ਕਈ ਬੱਸਾਂ ਵਾਲੇ ਹੁਣ ਇਨ੍ਹਾਂ ਸੜਕਾਂ ’ਤੇ ਬੱਸਾਂ ਹੀ ਨਹੀਂ ਲਿਜਾਂਦੇ। ਸੁਜਾਨਪੁਰ ਤੋਂ ਵਿਧਾਇਕ ਨਰੇਸ਼ ਪੁਰੀ ਨੇ ਕਿਹਾ ਕਿ ਹਲਕੇ ਦੀ ਡਿਫੈਂਸ ਰੋਡ ਦੇਖ ਕੇ ਲੱਗਦਾ ਹੈ ਕਿ ਇਹ ਖੱਡਿਆਂ ਵਿਚ ਸੜਕ ਹੈ। ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਸੜਕਾਂ ਦੇ ਪਏ ਖੱਡਿਆਂ ਨੂੰ ਦੂਰ ਕੀਤਾ ਜਾਵੇ। ਹਾਕਮ ਸਿੰਘ ਠੇਕੇਦਾਰ ਨੇ ਵੀ ਸੜਕਾਂ ਦਾ ਮੁੱਦਾ ਚੁੱਕਿਆ। ਪੰਜਾਬ ਵਿਚ ਸੈਨਿਕ ਛਾਉਣੀਆਂ ਲਾਗੇ ਉਸਾਰੀ ’ਤੇ ਰੋਕਾਂ ਦਾ ਮਾਮਲਾ ਬਠਿੰਡਾ ਤੋਂ ਵਿਧਾਇਕ ਜਗਰੂਪ ਗਿੱਲ ਨੇ ਚੁੱਕਿਆ। ਉਨ੍ਹਾਂ ਕਿਹਾ ਕਿ ਬਠਿੰਡਾ ਛਾਉਣੀ ਦੇ ਆਸ ਪਾਸ ਉਸਾਰੀਆਂ ’ਤੇ ਪਾਬੰਦੀ ਲੱਗੀ ਹੋਈ ਹੈ। ਇਸ ਨਾਲ ਲੋਕਾਂ ਨੂੰ ਮਕਾਨ ਵਗ਼ੈਰਾ ਬਣਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Advertisement

ਮੌਨਸੂਨ ਸੈਸ਼ਨ ’ਚ ਅਹਿਮ ਮੁੱਦਿਆਂ ’ਤੇ ਚਰਚਾ ਨਹੀਂ ਹੋਈ: ਬਾਜਵਾ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਸਮਾਪਤ ਹੋਣ ਦੇ ਨਾਲ ਹੀ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਬੰਧਤ ਮੰਤਰੀ ਅਹਿਮ ਮੁੱਦਿਆਂ ’ਤੇ ਸਾਰਥਿਕ ਚਰਚਾ ਕਰਨ ਵਿੱਚ ਅਸਫਲ ਰਹੇ ਹਨ। ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਫ਼ਿਰੋਜ਼ਪੁਰ ਵਿੱਚ ਬੀਤੇ ਕੱਲ੍ਹ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਚਰਚਾ ਨਹੀਂ ਕੀਤੀ। ਸ੍ਰੀ ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਵਿਧਾਨ ਸਭਾ ਵਿੱਚ ਕਿਸ ਤਰ੍ਹਾਂ ਦਾ ਬਿੱਲ ਲੈ ਕੇ ਆਈ, ਜਿੱਥੇ ਪਲਾਟਾਂ ਨੂੰ ਤਾਂ ਕਾਨੂੰਨੀ ਐਲਾਨਿਆ ਗਿਆ ਪਰ ਕਲੋਨੀਆਂ ਗੈਰਕਾਨੂੰਨੀ ਰਹੀਆਂ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਨਸ਼ਿਆਂ ਦੀ ਵਧਦੀ ਸਮੱਸਿਆ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਇਸ ਮੌਕੇ ਪੰਜਾਬ ਦੀ ਵਿਗੜਦੀ ਆਰਥਿਕ ਹਾਲਤ ਬਾਰੇ ਕੋਈ ਚਰਚਾ ਨਹੀਂ ਹੋਈ।

Advertisement

Advertisement
Author Image

joginder kumar

View all posts

Advertisement