For the best experience, open
https://m.punjabitribuneonline.com
on your mobile browser.
Advertisement

ਸਿਫ਼ਰ ਕਾਲ: ‘ਭੋਲੀ-ਭਾਲੀ’ ਭੋਲੀ ਰਾਣੀ ਆਪਣੇ ਕਸੂਰ ਤੋਂ ਅਣਜਾਣ..!

07:53 AM Mar 07, 2024 IST
ਸਿਫ਼ਰ ਕਾਲ  ‘ਭੋਲੀ ਭਾਲੀ’ ਭੋਲੀ ਰਾਣੀ ਆਪਣੇ ਕਸੂਰ ਤੋਂ ਅਣਜਾਣ
ਪੰਜਾਬ ਵਿਧਾਨ ਸਭਾ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸੀ ਵਿਧਾਇਕ। -ਫੋਟੋ: ਏਐੱਨਆਈ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 6 ਮਾਰਚ
ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦੇ ਸਿਫ਼ਰ ਕਾਲ ਦੌਰਾਨ ਅੱਜ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਦੇ ਧਾਰ ਬਲਾਕ ਦੀ ਅਰਧ-ਪਹਾੜੀ ਪਿੰਡ ਦੀ ਇੱਕ ਭੋਲੀ ਭਾਲੀ ਗ਼ਰੀਬ ਔਰਤ ਭੋਲੀ ਰਾਣੀ ਦੀ ਕਹਾਣੀ ਸੁਣਾ ਕੇ ਅਫ਼ਸਰਾਂ ਦੇ ਵਤੀਰੇ ਨੂੰ ਸਦਨ ਵਿੱਚ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਔਰਤ ਪ੍ਰਤੀ ਹਮਦਰਦੀ ਦਿਖਾ ਕੇ ਢਾਰਸ ਦਿੱਤੀ ਗਈ, ਉੱਥੇ ਹੀ ਅਫ਼ਸਰਸ਼ਾਹੀ ਨੇ ਔਰਤ ਨੂੰ ਜ਼ਲਾਲਤ ਦਿੱਤੀ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਨੀਅਤ ’ਤੇ ਕੋਈ ਸ਼ੱਕ ਨਹੀਂ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਰਣਜੀਤ ਸਾਗਰ ਡੈਮ ਦੇ ਦੌਰੇ ’ਤੇ ਗਏ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਗ਼ਰੀਬ ਔਰਤ ਮਿਲੀ। ਮੁੱਖ ਮੰਤਰੀ ਨੇ ਔਰਤ ਨੂੰ ਦੇਖ ਕੇ ਗੱਡੀ ਰੋਕੀ ਤਾਂ ਔਰਤ ਨੇ ਉਨ੍ਹਾਂ ਕੋਲ ਆਪਣੇ ਘਰ ਵਿੱਚ ਬਿਜਲੀ ਆਦਿ ਨਾ ਹੋਣ ਬਾਰੇ ਫ਼ਰਿਆਦ ਕੀਤੀ। ਭਗਵੰਤ ਮਾਨ ਨੇ ਉਦੋਂ ਹੀ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੂੰ ਸੱਦ ਕੇ ਔਰਤ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਕਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਜਦੋਂ ਮੁੱਖ ਮੰਤਰੀ ਮੁੜ ਕੁੱਝ ਦਿਨਾਂ ਮਗਰੋਂ ਡੈਮ ਵੱਲ ਦੌਰੇ ’ਤੇ ਆਏ ਤਾਂ ਦੌਰੇ ਵਾਲੇ ਦਿਨ ਪੁਲੀਸ ਨੇ ਉਸ ਔਰਤ ਅਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਉਸ ਦੇ ਪਤੀ ਨੂੰ ਘਰੋਂ ਚੁੱਕ ਲਿਆ ਅਤੇ ਸਾਰਾ ਦਿਨ ਥਾਣੇ ਬਿਠਾਈ ਰੱਖਿਆ। ਉਹ ਔਰਤ ਆਪਣੇ ਕਸੂਰ ਤੋਂ ਅਣਜਾਣ ਰਹੀ। ਸ਼ਰਮਾ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਤਾਂ ਕੀ ਕਰਨੀ ਸੀ ਸਗੋਂ ਔਰਤ ਨੂੰ ਥਾਣੇ ਡੱਕ ਦਿੱਤਾ ਤਾਂ ਜੋ ਉਹ ਔਰਤ ਮੁੜ ਮੁੱਖ ਮੰਤਰੀ ਦੇ ਮੱਥੇ ਨਾ ਲੱਗ ਸਕੇ। ਸ੍ਰੀ ਸ਼ਰਮਾ ਨੇ ਕਿਹਾ ਕਿ ਅਜਿਹੇ ਕਿੰਨੇ ਹੀ ਹੋਰ ਕੇਸ ਵਾਪਰਦੇ ਹੋਣਗੇ। ਸ਼ਰਮਾ ਵੱਲੋਂ ਸੁਣਾਈ ਗਈ ਕਹਾਣੀ ਨੇ ਸਦਨ ਦਾ ਮਾਹੌਲ ਭਾਵੁਕ ਕਰ ਦਿੱਤਾ। ਇਸੇ ਤਰ੍ਹਾਂ ਸਿਫ਼ਰ ਕਾਲ ਦੌਰਾਨ ਵਿਧਾਇਕਾ ਇੰਦਰਜੀਤ ਕੌਰ ਨੇ ਉਨ੍ਹਾਂ ਧੀਆਂ ਦਾ ਮੁੱਦਾ ਉਠਾਇਆ ਜਿਨ੍ਹਾਂ ਦੇ ਪਰਵਾਸੀ ਪਤੀਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ ਅਤੇ ਸਹੁਰਿਆਂ ਨੇ ਆਪਣੇ ਪੁੱਤਾਂ ਨੂੰ ਬੇਦਖ਼ਲ ਕਰ ਕੇ ਇਨ੍ਹਾਂ ਧੀਆਂ ਨੂੰ ਜਾਇਦਾਦ ਤੋਂ ਵਿਰਵੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧੀਆਂ ਖਾਤਰ ਕਾਨੂੰਨ ਬਣਨਾ ਚਾਹੀਦਾ ਹੈ। ਨੀਨਾ ਮਿੱਤਲ ਨੇ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਅੱਖਾਂ ਦਾ ਨਵਾਂ ਹਸਪਤਾਲ ਖੋਲ੍ਹਣ ਦੀ ਮੰਗ ਰੱਖੀ। ਵਿਧਾਇਕ ਰਜਨੀਸ਼ ਦਹੀਆ ਨੇ ਬੁਢਾਪਾ ਪੈਨਸ਼ਨ ਲਈ ਲਾਈ ਉਮਰ ਹੱਦ ਘਟਾਉਣ ਦੀ ਗੱਲ ਰੱਖੀ ਜਦੋਂਕਿ ਬਸਪਾ ਵਿਧਾਇਕ ਡਾ. ਨਛੱਤਰਪਾਲ ਨੇ ਪੱਲੇਦਾਰਾਂ ’ਤੇ ਹੋਏ ਲਾਠੀਚਾਰਜ ਮਾਮਲੇ ’ਚ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਮੰਗੀ। ਨਰੇਸ਼ ਕਟਾਰੀਆ ਨੇ ਬਠਿੰਡਾ ਵਿਚਲੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ’ਵਰਸਿਟੀ ਵਿੱਚ ਰੈਗੂਲਰ ਉਪ-ਕੁਲਪਤੀ ਦੀ ਮੰਗ ਉਠਾਈ। ਵਿਧਾਇਕ ਦਲਬੀਰ ਸਿੰਘ ਟੌਂਗ ਨੇ ਬਿਆਸ ਦਰਿਆ ਵਿੱਚ ਹੜ੍ਹ ਆਉਣ ਮਗਰੋਂ ਦਰਿਆ ਨੇੜਲੇ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਅੰਦਰ ਜਾਣ ਦੀ ਗੱਲ ਆਖੀ। ਹਰਦੇਵ ਸਿੰਘ ਲਾਡੀ ਨੇ ਹੜ੍ਹਾਂ ਕਾਰਨ ਦਰਿਆਵਾਂ ’ਚ ਮਿੱਟੀ ਭਰ ਜਾਣ ਦਾ ਮੁੱਦਾ ਉਠਾਇਆ।

Advertisement

ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ: ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਚੋਣਾਂ ਮੌਕੇ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਬਾਰੇ 18 ਨਵੰਬਰ 2022 ਨੂੰ ਨੋਟੀਫ਼ਿਕੇਸ਼ਨ ਜਾਰੀ ਹੋ ਗਿਆ ਸੀ ਪਰ ਲਾਗੂ ਨਹੀਂ ਹੋਇਆ। ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਵੀ ਪੁਰਾਣੀ ਪੈਨਸ਼ਨ ਦਾ ਮੁੱਦਾ ਉਠਾਇਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਪੰਜਾਬ ਦੇ ਕਿਸਾਨਾਂ ਨੂੰ 23 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਗਾਰੰਟੀ ਦਿੱਤੇ ਜਾਣ ਦਾ ਭਰੋਸਾ ਨਹੀਂ ਹੈ। ਰਾਜ ਦੀਆਂ ਸਰਹੱਦਾਂ ’ਤੇ ਕਿਸਾਨ ਬੈਠੇ ਹਨ ਅਤੇ ਕੇਂਦਰ ਵੱਲੋਂ ਕਿਸਾਨਾਂ ’ਤੇ ਗੋਲੀਆਂ ਵੀ ਚਲਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਮੂੰਗੀ ਦੀ ਫ਼ਸਲ ਵੀ ਭਾਅ ਤੋਂ ਹੇਠਾਂ ਵਿਕੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ 23 ਫ਼ਸਲਾਂ ਸਰਕਾਰੀ ਭਾਅ ’ਤੇ ਖਰੀਦੇ।

Advertisement
Author Image

joginder kumar

View all posts

Advertisement
Advertisement
×