ਜ਼ੇਲੈਂਸਕੀ ਵੱਲੋਂ ਗੋਲਾ-ਬਾਰੂਦ ਫੈਕਟਰੀ ਦਾ ਦੌਰਾ
ਸਕਰੈਂਟਨ (ਅਮਰੀਕਾ):
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸਖ਼ਤ ਸੁਰੱਖਿਆ ਹੇਠ ਪੈਨਸਿਲਵੇਨੀਆ ’ਚ ਗੋਲਾ-ਬਾਰੂਦ ਦੀ ਉਸ ਫੈਕਟਰੀ ਦਾ ਦੌਰਾ ਕੀਤਾ, ਜੋ ਰੂਸੀ ਫੌਜਾਂ ਨਾਲ ਉਨ੍ਹਾਂ ਦੇ ਦੇਸ਼ ਦੀ ਲੜਾਈ ਲਈ ਜ਼ਰੂਰੀ ਹਥਿਆਰਾਂ ਦਾ ਉਦਪਾਦਨ ਕਰ ਰਹੀ ਹੈ। ‘ਸਕਰੈਂਟਨ ਸੈਨਾ ਗੋਲਾ-ਬਾਰੂਦ ਪਲਾਂਟ’ ਦੇ ਨਿਰੀਖਣ ਦੇ ਨਾਲ ਹੀ ਉਨ੍ਹਾਂ ਦੀ ਅਮਰੀਕਾ ਯਾਤਰਾ ਸ਼ੁਰੂ ਹੋ ਗਈ ਹੈ ਤੇ ਇਸ ਦੌਰਾਨ ਉਹ ਜੰਗ ’ਚ ਯੂਕਰੇਨ ਲਈ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਅਗਲੇ ਦੋ ਦਿਨ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਆਮ ਸਭਾ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ ਫਿਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀਰਵਾਰ ਨੂੰ ਵਾਸ਼ਿੰਗਟਨ ’ਚ ਵਾਰਤਾ ਕਰਨਗੇ। ਜ਼ੇਲੈਂਸਕੀ ਦਾ ਕਾਫਲਾ ਜਦੋਂ ਗੋਲਾ-ਬਾਰੂਦ ਫੈਕਟਰੀ ਵੱਲ ਜਾ ਰਿਹਾ ਸੀ ਤਾਂ ਯੂਕਰੇਨੀ ਝੰਡੇ ਲਹਿਰਾਉਂਦੇ ਹੋਏ ਹਮਾਇਤੀਆਂ ਦਾ ਛੋਟਾ ਜਿਹਾ ਸਮੂਹ ਉਨ੍ਹਾਂ ਹੌਸਲਾ ਦੇਣ ਲਈ ਇਕੱਠਾ ਹੋ ਗਿਆ। ਫੈਕਟਰੀ ਨੇੜਲੇ ਇਲਾਕੇ ਦੀ ਸਵੇਰ ਤੋਂ ਹੀ ਘੇਰਾਬੰਦੀ ਕਰ ਦਿੱਤੀ ਗਈ ਸੀ ਅਤੇ ਉੱਥੇ ਵੱਡੀ ਗਿਣਤੀ ’ਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ। ਸਕਰੈਂਟਨ ਪਲਾਂਟ ਦੇਸ਼ ’ਚ ਉਨ੍ਹਾਂ ਚੋਣਵੇਂ ਕੇਂਦਰਾਂ ’ਚੋਂ ਇੱਕ ਹੈ ਜੋ ਤੋਪਾਂ ਦੇ 155 ਐੱਮਐੱਮ ਦੇ ਗੋਲਿਆਂ ਦਾ ਉਤਪਾਦਨ ਕਰਦਾ ਹੈ ਅਤੇ ਉਸ ਨੇ ਪਿਛਲੇ ਇੱਕ ਸਾਲ ਅੰਦਰ ਆਪਣਾ ਉਦਪਾਤਨ ਵਧਾ ਦਿੱਤਾ ਹੈ। -ਪੀਟੀਆਈ