ਅਮਰੀਕਾ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਜ਼ਰੀਨ ਖਾਨ
ਮੁੰਬਈ: ਬੌਲੀਵੁੱਡ ਅਦਾਕਾਰਾ ਜ਼ਰੀਨ ਖਾਨ ਹਾਲ ਹੀ ’ਚ ਛੁੱਟੀਆਂ ਮਨਾਉਣ ਲਈ ਅਮਰੀਕਾ ਰਵਾਨਾ ਹੋਈ ਹੈ। ਇਸ ਦੌਰਾਨ ਫ਼ਿਲਮ ‘ਵੀਰ’ ਦੀ ਅਦਾਕਾਰਾ ਨੇ ਔਸਟਿਨ ਵਿੱਚ ਮਾਊਂਟ ਬੋਨੈੱਲ ਦਾ ਦੌਰਾ ਕੀਤਾ ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਪਾ ਕੇ ਇੱਥੋਂ ਦੇ ਦਿਲਕਸ਼ ਨਜ਼ਾਰੇ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸ ਪੋਸਟ ਨਾਲ ਲਿਖੀ ਕੈਪਸ਼ਨ ਵਿੱਚ ਅਦਾਕਾਰਾ ਨੇ ਔਸਟਿਨ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਮਾਊਂਟ ਬੋਨੈੱਲ ਕੁਦਰਤੀ ਸੁਹੱਪਣ ਦਾ ਵੱਖਰਾ ਨਜ਼ਾਰਾ ਪੇਸ਼ ਕਰਦਾ ਹੈ। ਅਦਾਕਾਰਾ ਦੀ ਇਸ ਪੋਸਟ ’ਤੇ ਉਸ ਦੇ ਪ੍ਰਸ਼ੰਸਕਾਂ ਨੇ ਕਈ ਤਾਰੀਫ਼ਾਂ ਭਰੀਆਂ ਟਿੱਪਣੀਆਂ ਕੀਤੀਆਂ ਹਨ। ਇਸੇ ਦੌਰਾਨ ਕੋਲਕਾਤਾ ਹਾਈ ਕੋਰਟ ਨੇ ਜ਼ਰੀਨ ਖ਼ਾਨ ਖ਼ਿਲਾਫ਼ ਸਾਲ 2018 ਦੇ ਕਾਲੀ ਪੂਜਾ ਸਮਾਗਮ ਵਿੱਚ ਨਾ ਪੁੱਜਣ ਦੇ ਮਾਮਲੇ ’ਚ ਦਰਜ ਕੇਸ ਨੂੰ ਖ਼ਾਰਜ ਕਰ ਦਿੱਤਾ ਹੈ। ਉਸ ਨੇ ਇਸ ਸਮਾਗਮ ’ਚ ਸ਼ਮੂਲੀਅਤ ਲਈ ਇਕਰਾਰਨਾਮਾ ਕੀਤਾ ਸੀ ਪਰ ਉਹ ਇਸ ’ਚ ਸ਼ਾਮਲ ਨਹੀਂ ਸੀ ਹੋਈ। ਅਦਾਕਾਰਾ ਜ਼ਰੀਨ ਖਾਨ ਹੁਣ ਆਪਣੇ ਅਗਲੇ ਪ੍ਰਾਜੈਕਟ ਤਹਿਤ ਅਦਾਕਾਰ ਵਿਕਰਮ ਨਾਲ ਇਤਿਹਾਸਕ ਫਿਲਮ ‘ਕਾਰੀਕਲਨ’ ਵਿੱਚ ਨਜ਼ਰ ਆਵੇਗੀ। -ਆਈਏਐੱਨਐੱਸ