For the best experience, open
https://m.punjabitribuneonline.com
on your mobile browser.
Advertisement

ਪਾਕਿ ਫੌਜ ਖ਼ਿਲਾਫ਼ ‘ਬੇਬੁਨਿਆਦ’ ਦੋਸ਼ਾਂ ’ਤੇ ਜ਼ਰਦਾਰੀ ਨੇ ਚਿੰਤਾ ਪ੍ਰਗਟਾਈ

07:39 AM Apr 05, 2024 IST
ਪਾਕਿ ਫੌਜ ਖ਼ਿਲਾਫ਼ ‘ਬੇਬੁਨਿਆਦ’ ਦੋਸ਼ਾਂ ’ਤੇ ਜ਼ਰਦਾਰੀ ਨੇ ਚਿੰਤਾ ਪ੍ਰਗਟਾਈ
ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਮੁਲਾਕਾਤ ਕਰਦੇ ਹੋਏ ਜਨਰਲ ਆਸਿਮ ਮੁਨੀਰ।
Advertisement

ਇਸਲਾਮਾਬਾਦ, 4 ਅਪਰੈਲ
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਇੱਕ ਵਿਸ਼ੇਸ਼ ਸਿਆਸੀ ਪਾਰਟੀ ਅਤੇ ਇਸ ਦੇ ਕੁਝ ਮੈਂਬਰਾਂ ਵੱਲੋਂ ਸਿਆਸੀ ਲਾਹੇ ਲਈ ਫੌਜ ’ਤੇ ਲਗਾਏ ‘ਨਿਰਆਧਾਰ ਤੇ ਬੇਬੁਨਿਆਦ’ ਦੋਸ਼ਾਂ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਬੁੱਧਵਾਰ ਨੂੰ ਨਵ-ਨਿਯੁਕਤ ਰਾਸ਼ਟਰਪਤੀ ਜ਼ਰਦਾਰੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਜ਼ਰਦਾਰੀ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ’ਤੇ ਇਹ ਅਸਿੱਧਾ ਹਮਲਾ ਕੀਤਾ।
ਮੁਲਾਕਾਤ ਦੌਰਾਨ ਫੌਜ ਮੁਖੀ ਨੇ ਜ਼ਰਦਾਰੀ ਨੂੰ ਪਿਛਲੇ ਮਹੀਨੇ ਪਾਕਿਸਤਾਨ ਦਾ 14ਵਾਂ ਰਾਸ਼ਟਰਪਤੀ ਬਣਨ ’ਤੇ ਵਧਾਈ ਦਿੱਤੀ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, ‘‘ਰਾਸ਼ਟਰਪਤੀ ਜ਼ਰਦਾਰੀ ਨੇ ਇੱਕ ਵਿਸ਼ੇਸ਼ ਸਿਆਸੀ ਪਾਰਟੀ ਅਤੇ ਇਸਦੇ ਕੁਝ ਵਿਅਕਤੀਆਂ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਫੌਜ ਅਤੇ ਇਸ ਦੀ ਲੀਡਰਸ਼ਿਪ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾਏ ਜਾਣ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਅਜਿਹੇ ਫੁੱਟਪਾਊ ਤੱਤਾਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਸੰਕਲਪ ਲਿਆ।’’ ਜ਼ਰਦਾਰੀ ਅਪਰੈਲ 2022 ਵਿੱਚ ਸੱਤਾ ਤੋਂ ਬੇਦਖ਼ਲ ਹੋਣ ’ਤੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਪਾਕਿਸਤਾਨੀ ਫੌਜ ਉੱਤੇ ਲਗਾਏ ਗਏ ਦੋਸ਼ਾਂ ਦਾ ਜ਼ਿਕਰ ਕਰ ਰਹੇ ਸਨ। ਪਾਕਿਸਤਾਨ 75 ਸਾਲਾਂ ਦੇ ਆਪਣੇ ਇਤਿਹਾਸ ਦੌਰਾਨ ਅੱਧੇ ਤੋਂ ਵੱਧ ਸਮਾਂ ਫੌਜੀ ਸ਼ਾਸਨ ਅਧੀਨ ਰਿਹਾ ਹੈ। ਫੌਜ ਦਾ ਸੁਰੱਖਿਆ ਅਤੇ ਵਿਦੇਸ਼ ਨੀਤੀ ਨਾਲ ਜੁੜੇ ਮਾਮਲਿਆਂ ਵਿੱਚ ਕਾਫ਼ੀ ਦਖ਼ਲ ਰਿਹਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×