ਦਰਬਾਰ ਸਾਹਿਬ ਸਮੂਹ ’ਚ ਜ਼ਾਕਿਰ ਹੁਸੈਨ ਨਮਿਤ ਭੋਗ ਪਾਏ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਜਨਵਰੀ
ਪ੍ਰਸਿੱਧ ਤਬਲਾਵਾਦਕ ਮਰਹੂਮ ਜ਼ਾਕਿਰ ਹੁਸੈਨ ਨਮਿਤ ਅਖੰਡ ਪਾਠ ਦੇ ਭੋਗ ਅੱਜ ਉਨ੍ਹਾਂ ਦੇ ਪਰਿਵਾਰ ਵੱਲੋਂ ਇੱਥੇ ਦਰਬਾਰ ਸਾਹਿਬ ਸਮੂਹ ਵਿੱਚ ਪਾਏ ਗਏ ਅਤੇ ਅਰਦਾਸ ਕੀਤੀ। ਇਸ ਸਬੰਧ ’ਚ ਮਰਹੂਮ ਜ਼ਾਕਿਰ ਹੁਸੈਨ ਦੇ ਛੋਟੇ ਭਰਾ ਉਸਤਾਦ ਫ਼ਜ਼ਲ ਕੁਰੈਸ਼ੀ ਤੇ ਹੋਰ ਇਥੇ ਦਰਬਾਰ ਸਾਹਿਬ ਪੁੱਜੇ ਸਨ। ਉਨ੍ਹਾਂ ਇੱਥੇ ਹਰਿਮੰਦਰ ਸਾਹਿਬ ਸਮੂਹ ਵਿੱਚ ਰੱਖੇ ਅਖੰਡ ਪਾਠ ਅਤੇ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਹੁਕਮਨਾਮਾ ਵੀ ਸਰਵਣ ਕੀਤਾ। ਫ਼ਜ਼ਲ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਗੁਰੂ ਘਰ ਨੂੰ ਸਮਰਪਿਤ ਰਿਹਾ ਹੈ ਅਤੇ ਇਸੇ ਲਈ ਆਪਣੇ ਭਰਾ ਦੀ ਯਾਦ ਵਿੱਚ ਗੁਰੂ ਘਰ ’ਚ ਅਖੰਡ ਪਾਠ ਕਰਵਾਇਆ। ਉਨ੍ਹਾਂ ਕਿਹਾ ਕਿ ਅੱਜ ਦੇ ਹੁਕਮਨਾਮੇ ਨੂੰ ਉਹ ਮੁੰਬਈ ਵਿੱਚ ਚੱਲ ਰਹੀ ਸੰਗੀਤ ਅਕੈਡਮੀ ’ਚ ਸੁਸ਼ੋਭਿਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਉਸਤਾਦ ਅੱਲਾ ਰੱਖਾ ਅਤੇ ਜ਼ਾਕਿਰ ਹੁਸੈਨ ਦੇ ਨਾਲ ਜੁੜੇ ਉਸਤਾਦ ਕੁਲਵਿੰਦਰ ਸਿੰਘ ਅਤੇ ਉਸਤਾਦ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਕੀਰਤਨ ਕੀਤਾ। ਉਨ੍ਹਾਂ ਆਖਿਆ ਕਿ ਸੰਗੀਤ ਦੇ ਖੇਤਰ ਵਿੱਚ ਉਸਤਾਦ ਜ਼ਾਕਿਰ ਹੁਸੈਨ ਦਾ ਯੋਗਦਾਨ ਬੇਮਿਸਾਲ ਹੈ। ਉਸ ਦਾ ਭਰਾ ਫ਼ਜ਼ਲ ਕਰੈਸ਼ੀ ਵੀ ਉਸ ਵਾਂਗ ਹੀ ਹੈ। ਸਾਰਾ ਪਰਿਵਾਰ ਗੁਰੂ ਸਾਹਿਬ ਦਾ ਸਤਿਕਾਰ ਕਰਦਾ ਹੈ।
ਉਸਤਾਦ ਕੁਲਵਿੰਦਰ ਸਿੰਘ ਨੇ ਆਖਿਆ ਕਿ ਉਸਤਾਦ ਜ਼ਾਕਿਰ ਹੁਸੈਨ ਦਾ ਪੰਜਾਬ ਦੌਰਾ ਕਦੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕੀਤੇ ਬਿਨਾਂ ਪੂਰਾ ਨਹੀਂ ਹੁੰਦਾ ਸੀ। ਉਸਤਾਦ ਗੁਰਪ੍ਰੀਤ ਸਿੰਘ ਨੇ ਵੀ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।