For the best experience, open
https://m.punjabitribuneonline.com
on your mobile browser.
Advertisement

‘ਯੁਵਰਾਜ’ ਅਮੇਠੀ ਸੀਟ ਨਾ ਬਚਾਉਣ ਕਰਕੇ ਕੇਰਲਾ ਆਇਆ: ਮੋਦੀ

06:44 AM Apr 16, 2024 IST
‘ਯੁਵਰਾਜ’ ਅਮੇਠੀ ਸੀਟ ਨਾ ਬਚਾਉਣ ਕਰਕੇ ਕੇਰਲਾ ਆਇਆ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਦੇ ਭਾਰਤ ਐਕਸਪ੍ਰੈੱਸ ਦਾ ਮਾਡਲ ਭੇਟ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਤਿਰੂਵਨੰਤਪੁਰਮ/ਤ੍ਰਿਚੂਰ, 15 ਅਪਰੈਲ
ਕਾਂਗਰਸ ਅਤੇ ਸੀਪੀਐੱਮ ਖ਼ਿਲਾਫ਼ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਭ ਤੋਂ ਪੁਰਾਣੀ ਪਾਰਟੀ ਦਾ ‘ਯੁਵਰਾਜ’ ਉੱਤਰ ਪ੍ਰਦੇਸ਼ ਦੇ ਅਮੇਠੀ ’ਚ ਪਰਿਵਾਰ ਦੀ ਸੀਟ ਨਹੀਂ ਬਚਾ ਸਕਿਆ ਅਤੇ ਵੋਟਾਂ ਲੈਣ ਲਈ ਕੇਰਲਾ ਆ ਗਿਆ ਹੈ। ਉਨ੍ਹਾਂ ਖੱਬੇ-ਪੱਖੀ ਧਿਰ ’ਤੇ ਸੂਬੇ ਦੇ ਗਰੀਬ ਲੋਕਾਂ ਨੂੰ ਲੁੱਟਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਕਿਹਾ ਕਿ ਉਹ ਅਮੇਠੀ ਤੋਂ ਵਾਇਨਾਡ ਆ ਗਿਆ ਹੈ ਅਤੇ ਉਹ ਕੇਰਲਾ ਦੇ ਲੋਕਾਂ ਤੋਂ ਵੋਟ ਤਾਂ ਮੰਗੇਗਾ ਪਰ ਉਨ੍ਹਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਨਹੀਂ ਕਰੇਗਾ ਕਿਉਂਕਿ ਉਹ ਕਰੁਨਾਵਨੂਰ ਕੋਆਪ੍ਰੇਟਿਵ ਬੈਂਕ ’ਚ ਬਹੁ ਕਰੋੜੀ ਘੁਟਾਲੇ ਨੂੰ ਲੈ ਕੇ ਚੁੱਪ ਹੈ। ਮੋਦੀ ਨੇ ਕਿਹਾ,‘‘ਗਰੀਬਾਂ, ਮਜ਼ਦੂਰਾਂ, ਮਹਿਲਾਵਾਂ ਅਤੇ ਖਾੜੀ ਮੁਲਕਾਂ ਤੋਂ ਆਏ ਲੋਕਾਂ ਨੇ ਸੂਬੇ ਦੇ 30 ਸਹਿਕਾਰੀ ਬੈਂਕਾਂ ’ਚ ਇਕ ਲੱਖ ਕਰੋੜ ਰੁਪਏ ਦੇ ਕਰੀਬ ਜਮ੍ਹਾਂ ਕਰਵਾਏ ਸਨ ਪਰ ਸੀਪੀਐੱਮ ਦੇ ਭ੍ਰਿਸ਼ਟਾਚਾਰ ਕਾਰਨ ਇਹ ਪੈਸਾ ਨਾ ਮਿਲਣ ਦਾ ਜੋਖ਼ਮ ਵਧ ਗਿਆ ਹੈ।’’ ਕੁਨਮਕੁਲਮ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਰੁਨਾਵਨੂਰ ਕੋਆਪ੍ਰੇਟਿਵ ਬੈਂਕ ਘੁਟਾਲੇ ਦਾ ਵੀ ਜ਼ਿਕਰ ਕੀਤਾ ਜਿਸ ਦੀ ਹੁਣ ਈਡੀ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮੋਦੀ ਵੱਲੋਂ ਇਹ ਸੂਬੇ ਦਾ ਛੇਵਾਂ ਦੌਰਾ ਹੈ ਜਿਥੇ 25 ਅਪਰੈਲ ਨੂੰ ਵੋਟਾਂ ਪੈਣੀਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਵਾਅਦਾ ਕੀਤਾ ਕਿ ਐੱਨਡੀਏ ਸਰਕਾਰ ਦੇ ਤੀਜੀ ਵਾਰ ਸੱਤਾ ’ਚ ਆਉਣ ’ਤੇ ਉਹ ਉੱਤਰ, ਪੂਰਬ ਅਤੇ ਦੱਖਣੀ ਭਾਰਤ ’ਚ ਬੁਲੇਟ ਟਰੇਨਾਂ ਚਲਾਉਣ ਦਾ ਸਰਵੇਖਣ ਸ਼ੁਰੂ ਕਰਾਉਣਗੇ। ਕੇਰਲਾ ’ਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ‘ਇੰਡੀਆ’ ਗੱਠਜੋੜ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਰੋਕਣ ਲਈ ਭ੍ਰਿਸ਼ਟਾਚਾਰੀਆਂ ਦਾ ਗੱਠਜੋੜ ਬਣਾਇਆ ਗਿਆ ਹੈ। ਉਨ੍ਹਾਂ ਖੱਬੇ-ਪੱਖੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਲੈਫ਼ਟ ਦਾ ਸਿਰਫ਼ ਇਕੋ ਸੁਭਾਅ ਰਹਿ ਗਿਆ ਹੈ ਕਿ ਜਿਥੇ ਕਿਤੇ ਵੀ ਉਹ ਸੱਤਾ ’ਚ ਹਨ, ਉਥੇ ਕੁਝ ਵੀ ਨਹੀਂ ਬਚਦਾ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਖੱਬੇ-ਪੱਖੀਆਂ ਨੇ ਪੱਛਮੀ ਬੰਗਾਲ ਅਤੇ ਤ੍ਰਿਪੁਰਾ ’ਚ ਕੀਤਾ, ਉਹੋ ਹੁਣ ਕੇਰਲਾ ’ਚ ਵੀ ਕੀਤਾ ਜਾ ਰਿਹਾ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×