ਯੁਵਕ ਮੇਲਾ: ਵਿਦਿਆਰਥੀਆਂ ਨੇ ਫੋਕ ਆਰਕੈਸਟਰਾ ਨਾਲ ਰੰਗ ਬੰਨ੍ਹਿਆ
ਸਤਵਿੰਦਰ ਬਸਰਾ
ਲੁਧਿਆਣਾ, 30 ਮਾਰਚ
ਪੀਏਯੂ ਵਿੱਚ ਚੱਲ ਰਹੇ 37ਵੇਂ ਅੰਤਰ-’ਵਰਸਿਟੀ ਕੌਮੀ ਯੁਵਕ ਮੇਲੇ ਦੇ ਅੱਜ ਤੀਜੇ ਦਿਨ ਯੂਨੀਵਰਸਿਟੀ ਦੇ ਵੱਖ-ਵੱਖ ਸਥਾਨਾਂ ਤੇ ਇਕਾਂਗੀ, ਫੋਕ ਆਰਕੈਸਟਰਾ, ਵੈਸਟਰਨ ਵੋਕਲ ਸੋਲੋ, ਲਾਈਟ ਵੋਕਲ ਸੋਲੋ, ਕਲਾਸੀਕਲ ਵੋਕਲ ਸੋਲੋ, ਕਾਰਟੂਨ ਬਣਾਉਣ, ਮਹਿੰਦੀ ਲਗਾਉਣ, ਰੰਗੋਲੀ ਬਣਾਉਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ‘ਹੁਨਰ-2024: ਰਾਸ਼ਟਰੀ ਪ੍ਰਤਿਭਾ ਨੂੰ ਇਕੱਤਰ ਕਰਨਾ’ ਦੇ ਨਾਂ ਹੇਠ ਕਰਵਾਏ ਜਾ ਰਹੇ ਇਸ ਯੁਵਕ ਮੇਲੇ ਦੇ ਇਕਾਂਗੀ ਮੁਕਾਬਲਿਆਂ ਦਾ ਉਦਘਾਟਨ ਅਦਾਕਾਰਾ ਪਦਮਸ਼੍ਰੀ ਪ੍ਰੋ. ਨਿਰਮਲ ਰਿਸ਼ੀ ਨੇ ਕੀਤਾ ਜਦੋਂਕਿ ਪ੍ਰਧਾਨਗੀ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਕੀਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਅੱਜ ਮੇਲੇ ਦੇ ਤੀਜੇ ਦਿਨ ਕਈ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ ਤਾਂ ਭਾਵੇਂ ਮੇਲੇ ਦੇ ਆਖਰੀ ਦਿਨ 1 ਅਪਰੈਲ ਨੂੰ ਕੀਤਾ ਜਾਵੇਗਾ ਪਰ ਹਰ ਟੀਮ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਕਾਂਗੀ ਮੁਕਾਬਲਿਆਂ ਦੀ ਮੁੱਖ ਮਹਿਮਾਨ ਪ੍ਰੋ. ਨਿਰਮਲ ਰਿਸ਼ੀ ਨੇ ਕਿਹਾ ਕਿ ਸਾਡਾ ਦੇਸ਼ ਵੰਨ-ਸੁਵੰਨੇ ਸੱਭਿਆਚਾਰਾਂ ਦਾ ਖੂਬਸੂਰਤ ਗੁਲਦਸਤਾ ਹੈ, ਜਿੱਥੇ ਆਪਣੇ ਹੁਨਰ ਨੂੰ ਨਿਖਾਰ ਕੇ ਅਸੀਂ ਕਲਾਤਮਕ ਬੁਲੰਦੀਆਂ ਹਾਸਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਜਿੱਥੇ ਵਿਦਿਆਰਥੀਆਂ ਦੀ ਵੱਖੋ-ਵੱਖ ਸੱਭਿਆਚਾਰਕ ਰੰਗਾਂ ਨਾਲ ਸਾਂਝ ਸਥਾਪਤ ਕਰਦੇ ਹਨ, ਉੱਥੇ ਉਨ੍ਹਾਂ ਦੀਆਂ ਕਲਾਵਾਂ ਪ੍ਰਤੀ ਜਾਣਕਾਰੀ ਵਿੱਚ ਵਾਧਾ ਕਰਦੇ ਹੋਏ, ਉਨ੍ਹਾਂ ਨੂੰ ਸਰਵੋਤਮ ਕਲਾਕਾਰ ਬਣਾਉਂਦੇ ਹਨ। ਡਾ. ਗੋਸਲ ਨੇ ਕਿਹਾ ਕਿ ਯੁਵਕ ਮੇਲਿਆਂ ਵਿਚ ਕਰਵਾਏ ਜਾ ਰਹੇ ਇਹ ਕਲਾਤਮਕ ਮੁਕਾਬਲੇ ਨਿਸ਼ਚੈ ਹੀ ਵਿਦਿਆਰਥੀਆਂ ਨੂੰ ਇਕ-ਦੂਜੇ ਕੋਲੋਂ ਸਿੱਖਣ ਸਿਖਾਉਣ ਦੇ ਵਿਸ਼ਾਲ ਮੌਕੇ ਪ੍ਰਦਾਨ ਕਰਦੇ ਹਨ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਮੇਲੇ ਦੇ ਚੌਥੇ ਦਿਨ 31 ਮਾਰਚ ਨੂੰ ਲੋਕ ਨਾਚ ਮੁਕਾਬਲੇ ਖਿੱਚ ਦਾ ਕੇਂਦਰ ਰਹਿਣਗੇ। ਸਹਾਇਕ ਕਮਿਸ਼ਨਰ (ਜਨਰਲ) ਕ੍ਰਿਸ਼ਨ ਪਾਲ ਰਾਜਪੂਤ ਦੀ ਅਗਵਾਈ ਹੇਠ ਆਈਓਸੀ ਵਲੋਂ ‘ਮੇਰੀ ਵੋਟ ਮੇਰੀ ਤਾਕਤ’ ਤਹਿਤ ਨੁੱਕੜ ਨਾਟਕ ਵੀ ਖੇਡਿਆ ਗਿਆ।