ਯੁਵਕ ਮੇਲਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹਿੱਸੇ ਆਈ ਓਵਰਆਲ ਟਰਾਫੀ
ਸਤਵਿੰਦਰ ਬਸਰਾ
ਲੁਧਿਆਣਾ, 1 ਅਪਰੈਲ
ਪੀਏਯੂ ਵਿੱਚ ਚੱਲ ਰਿਹਾ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਅੱਜ ਸੱਭਿਆਚਾਰਕ ਤੰਦਾਂ ਨੂੰ ਹੋਰ ਮਜ਼ਬੂਤ ਕਰਦਾ ਹੋਇਆ ਖ਼ਤਮ ਹੋ ਗਿਆ। ਮੇਲੇ ਦੇ ਅੱਜ ਆਖ਼ਰੀ ਦਿਨ ਜਿੱਥੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ, ਉੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਪੇਸ਼ਕਾਰੀ ਨੇ ਮੇਲੇ ਨੂੰ ਸਿਖਰ ’ਤੇ ਪਹੁੰਚਾ ਦਿੱਤਾ।
ਉਪ ਕੁਲਪਤੀ ਡਾ. ਸਤਬਿੀਰ ਸਿੰਘ ਨੇ ਕਿਹਾ ਕਿ ਇਸ ਮੇਲੇ ਰਾਹੀਂ ਵਿਦਿਆਰਥੀਆਂ ਨੇ ਬਹੁਤ ਕੁੱਝ ਸਿੱਖਿਆ ਹੈ। ਭਾਰਤੀ ਯੂਨੀਵਰਸਿਟੀ ਸੰਘ ਦੇ ਨਿਗਰਾਨ ਡਾ. ਐਸਕੇ ਸ਼ਰਮਾ ਨੇ ਇਸ ਮੇਲੇ ਦੀ ਸਫਲਤਾ ਲਈ ਸਾਰਿਆਂ ਵੱਲੋਂ ਕੀਤੀ ਮਿਹਨਤ ਲਈ ਧੰਨਵਾਦ ਕੀਤਾ। ਇਸ ਯੁਵਕ ਮੇਲੇ ਦੀ ਓਵਰਆਲ ਟਰਾਫੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਜਿੱਤੀ, ਦੂਜੇ ਸਥਾਨ ’ਤੇ ਬਨਸਥਲੀ ਵਿਦਿਆਪੀਠ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਰਹੇ। ਸੱਭਿਆਚਾਰਕ ਜਲੂਸ ਲਈ ਪਹਿਲਾ ਇਨਾਮ ਫਕੀਰ ਮੋਹਨ ਯੂਨੀਵਰਸਿਟੀ ਉੜੀਸਾ ਅਤੇ ਕੁਮਾਰ ਭਾਸਕਰ ਵਰਮਾ ਸੰਸਕ੍ਰਿਤ ਯੂਨੀਵਰਸਿਟੀ ਅਸਾਮ ਨੂੰ ਮਿਲਿਆ। ਸੰਗੀਤ ਵਰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਨਾਚ ਮੁਕਾਬਲਿਆਂ ਦੀ ਓਵਰਆਲ ਟਰਾਫੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਨਾਟਕ ਮੁਕਾਬਲਿਆਂ ਦੀ ਓਵਰਆਲ ਟਰਾਫੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਸਾਹਿਤ ਮੁਕਾਬਲਿਆਂ ਦੀ ਓਵਰਆਲ ਟਰਾਫੀ ਜਾਦਵਪੁਰ ਯੂਨੀਵਰਸਿਟੀ ਕੋਲਕਤਾ ਨੇ ਜਿੱਤੀ।
ਇਸ ਤੋਂ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਰਜਿਸਟਰਾਰ ਡਾ. ਰਿਸ਼ਪਾਲ ਸਿੰਘ ਨੇ ਕਿਹਾ ਕਿ ਇਸ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਵਿਦਿਆਰਥੀ ਆਪਣੀਆਂ ਸੰਸਥਾਵਾਂ ਵਿੱਚ ਚੰਗੀਆਂ ਯਾਦਾਂ ਲੈ ਕੇ ਜਾਣਗੇ। ਇਸ ਮੌਕੇ ਵੱਖ ਵੱਖ ਪ੍ਰਬੰਧਕ ਕਮੇਟੀਆਂ ਵੱਲੋਂ ਬਿਹਤਰੀਨ ਕਾਰਜ ਦਿਖਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਨਾਮ ਵੰਡ ਸਮਾਗਮ ਦਾ ਸੰਚਾਲਨ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ।