ਯੁਵਕ ਮੇਲਾ: ਕਾਲਜ ਆਫ ਵੈਟਰਨਰੀ ਸਾਇੰਸ ਨੇ ਜਿੱਤੀ ਓਵਰਆਲ ਟਰਾਫੀ
ਸਤਵਿੰਦਰ ਬਸਰਾ
ਲੁਧਿਆਣਾ, 18 ਨਵੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਚੱਲ ਰਿਹਾ ਅੰਤਰ-ਕਾਲਜ ਯੁਵਕ ਮੇਲਾ ਖੇੜੇ ਤੇ ਹੁਲਾਸ ਦੇ ਮਾਹੌਲ ਵਿੱਚ ਸੰਪੂਰਨ ਹੋ ਗਿਆ। ਯੁਵਕ ਮੇਲੇ ਦੀ ਓਵਰਆਲ ਟਰਾਫੀ ਕਾਲਜ ਆਫ ਵੈਟਰਨਰੀ ਸਾਇੰਸ ਨੇ ਜਿੱਤੀ। ਸਮਾਪਤੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਯੁਵਕ ਮੇਲੇ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਯੁਵਕ ਮੇਲੇ ਦੇ ਸਫਲ ਪ੍ਰਬੰਧਨ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਤੇ ਵੈਟਰਨਰੀ ਯੂਨੀਵਰਸਿਟੀ ਵਿਚੋਂ ਹੋਰ ਵਧੇਰੇ ਵਿਦਿਆਰਥੀ ਸਮਾਜ ਦੇ ਵੱਡੇ ਰੁਤਬਿਆਂ ’ਤੇ ਪਹੁੰਚਣ ਦੀ ਕਾਮਨਾ ਕਰਦੇ ਹਾਂ। ਪੁਲੀਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਅਤੇ ਪੀਏਯੂ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ’ਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ 200 ਤੋਂ ਵੱਧ ਵਿਦਿਆਰਥੀਆਂ ਨੇ 25 ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਨਾਮ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ, ਸ਼੍ਰੀ ਸਿੱਧੂ, ਡਾ. ਗੋਸਲ ਅਤੇ ਡਾ. ਇੰਦਰਜੀਤ ਸਿੰਘ ਤੇੇ ਹੋਰ ਮੁਹਤਬਰ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਭਲਾਈ ਅਫ਼ਸਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਯੁਵਕ ਮੇਲੇ ਦੀ ਓਵਰਆਲ ਟਰਾਫੀ ਕਾਲਜ ਆਫ ਵੈਟਰਨਰੀ ਸਾਇੰਸ ਦੇ ਵਿਦਿਆਰਥੀਆਂ ਨੇ ਜਿੱਤੀ ਜਦਕਿ ਰਨਰਜ਼-ਅਪ ਟਰਾਫੀ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਹਿੱਸੇ ਆਈ। ਕੋਮਲ ਕਲਾਵਾਂ ਦੀ ਟਰਾਫੀ ਕਾਲਜ ਆਫ ਵੈਟਰਨਰੀ ਸਾਇੰਸ ਨੂੰ, ਸੰਗੀਤ ਟਰਾਫੀ ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਅਤੇ ਕਾਲਜ ਆਫ ਫ਼ਿਸ਼ਰੀਜ਼ ਨੂੰ, ਨਾਟਕਾਂ ਦੀ ਟਰਾਫੀ-ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਨੂੰ, ਨਾਚ ਦੀ ਟਰਾਫੀ-ਕਾਲਜ ਆਫ ਵੈਟਨਰੀ ਸਾਇੰਸ ਨੂੰ ਮਿਲੀ। ਅੱਜ ਹੋਏ ਮੁਕਾਬਲਿਆਂ ਵਿੱਚੋਂ ਸਮੂਹ ਨਾਚ ਲੜਕੇ ਕਾਲਜ ਆਫ ਵੈਟਰਨਰੀ ਸਾਇੰਸ, ਸਮੂਹ ਨਾਚ ਲੜਕੀਆਂ ਵਿੱਚੋਂ ਕਾਲਜ ਆਫ ਡੇਅਰੀ ਸਾਇੰਸ ਤੇ ਤਕਨਾਲੋਜੀ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਗਗਨਦੀਪ ਸਿੰਘ ਅਤੇ ਗੁਰਲੀਨ ਕੌਰ ਨੂੰ ਵਧੀਆ ਡਾਂਸਰ ਐਲਾਨਿਆ ਗਿਆ। ਲੜਕੀਆਂ ਵਿੱਚੋਂ ਵਧੀਆ ਅਦਾਕਾਰੀ ਦਾ ਇਨਾਮ ਦੀਕਸ਼ਾ ਅਤੇ ਲੜਕਿਆਂ ਵਿੱਚੋਂ ਸਹਿਜਪ੍ਰੀਤ ਸਿੰਘ ਨੂੰ ਮਿਲਿਆ। ਕੋਮਲ ਕਲਾਵਾਂ ’ਚੋਂ ਵਧੀਆ ਕਲਾਕਾਰ ਦਾ ਇਨਾਮ ਨਖਵਾ ਸ਼ਲੋਕ, ਵਧੀਆ ਬੁਲਾਰੇ ਦਾ ਇਨਾਮ ਸਹਿਜਦੀਪ ਕੌਰ ਅੇ ਜੀਤ ਵਰਮਾ ਜਦਕਿ ਵਧੀਆ ਗਾਇਕਾ ਦਾ ਇਨਾਮ ਦਿਲਰਾਜ ਕੌਰ, ਰਾਜਦੀਪ ਕੌਰ ਅਤੇ ਸੁਨੇਹਾ ਨੂੰ ਦਿੱਤਾ ਗਿਆ।