ਯੁਵਕ ਮੇਲਾ: ਗੁੱਡੀਆਂ-ਪਟੋਲੇ ਬਣਾਉਣ ’ਚ ਅਮਨਦੀਪ ਕੌਰ ਨੇ ਮਾਰੀ ਬਾਜ਼ੀ
ਸਤਵਿੰਦਰ ਬਸਰਾ
ਲੁਧਿਆਣਾ, 23 ਅਕਤੂਬਰ
ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਜ਼ੋਨ-2 ਦੇ ਅੱਜ ਦੂਜੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚੋਂ ਫੋਕ ਆਰਕੈਸਟਰਾ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਟੀਮ ਜੇਤੂ ਰਹੀ। ਸਥਾਨਕ ਸਰਕਾਰੀ ਕਾਲਜ ਲੜਕੀਆਂ ਵਿੱਚ ਚੱਲ ਰਹੇ ਇਸ ਮੇਲੇ ਵਿੱਚ ਅੱਜ ਵਿਧਾਇਕ ਆਤਮ ਨਗਰ ਕੁਲਵੰਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਸੁਮਨ ਲਤਾ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਕਾਰਪੋਰੇਸ਼ਨ ਦੇ ਚੀਫ਼ ਇੰਜਨੀਅਰ ਜਗਦੇਵ ਸਿੰਘ ਹੰਸ, ਡਿਪਟੀ ਚੀਫ਼ ਇੰਜਨੀਅਰ ਰਮੇਸ਼ ਕੌਸ਼ਲ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਨਿਰਮਲ ਜੌੜਾ, ਕੁਲਵੰਤ ਸਿੰਘ, ਡਾ. ਸਰਬਜੋਤ ਕੌਰ, ਬਲਵੀਰ ਬਜਾਜ, ਸੁਖਵਿੰਦਰ ਕੌਰ, ਊਸ਼ਾ ਅਵਸਥੀ, ਸ਼ਰਨਜੀਤ ਕੌਰ, ਪ੍ਰੀਤ ਦਮਨ, ਡਾ. ਸਜਲਾ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ਼ ਮੈਂਬਰਾਂ ਨੇ ਸ਼ਿਰਕਤ ਕੀਤੀ। ਦੂਜੇ ਦਿਨ ਹੋਏ ਮੁਕਾਬਲਿਆਂ ਵਿੱਚੋਂ ਫੋਕ ਆਰਕੈਸਟਰਾ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਨੇ ਪਹਿਲਾ, ਰਾਮਗੜ੍ਹੀਆ ਗਰਲਜ਼ ਕਾਲਜ ਨੇ ਦੂਜਾ ਅਤੇ ਏ ਐੱਸ ਕਾਲਜ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਬੇਟ ਵਿੱਚ ਸ੍ਰੀ ਆਤਮ ਵੱਲਭ ਜੈਨ ਕਾਲਜ ਦੀ ਚੇਤਨਾ ਜੈਨ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਦੀ ਪ੍ਰਭਮੀਤ ਕੌਰ ਅਤੇ ਗੁਰੂ ਨਾਨਕ ਗਰਲਜ਼ ਕਾਲਜ ਦੀ ਜਸਿਕਾ ਸੇਠੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਆਨ ਦਾ ਸਪਾਟ ਪੇਂਟਿੰਗ ਵਿੱਚ ਖਾਲਸਾ ਕਾਲਜ ਫਾਰ ਵਿਮੈਨ ਦੀ ਜੈਆ ਅਰੋੜਾ ਪਹਿਲੇ, ਸਰਕਾਰੀ ਕਾਲਜ ਲੜਕੀਆਂ ਦੀ ਪ੍ਰੇਰਨਾ ਗੁਪਤਾ ਦੂਜੇ ਅਤੇ ਗੁਰੂ ਨਾਨਕ ਖਾਲਸਾ ਕਾਲਜ ਦੀ ਈਸ਼ਾ ਗੋਡਾ ਤੀਜੇ ਥਾਂ ਰਹੀ। ਫੋਟੋਗ੍ਰਾਫੀ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਦੀ ਤਮੰਨਾ, ਕਲੇਅ ਮਾਡਲਿੰਗ ਵਿੱਚ ਏ ਐੱਸ ਕਾਲਜ ਖੰਨਾ ਦੇ ਵਿਦਿਆਰਥੀ ਪਿਯੂਸ਼ ਸ਼ਰਮਾ, ਰੰਗੋਲੀ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਦੀ ਨੀਲਮ ਕੁਮਾਰੀ, ਗੁੱਡੀਆਂ-ਪਟੋਲੇ ਬਣਾਉਣ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਅਮਨਦੀਪ ਕੌਰ, ਛਿੱਕੂ ਬਣਾਉਣ ਵਿੱਚ ਸ੍ਰੀ ਆਤਮ ਵੱਲਭ ਜੈਨ ਕਾਲਜ ਦੇ ਗੁਰਕੰਵਰ ਐੱਸ ਚਾਬਾ, ਪਰਾਂਦਾ ਬਣਾਉਣ ਵਿੱਚ ਖਾਲਸਾ ਕਾਲਜ ਦੀ ਸ਼ਿਵਾਨੀ, ਨਾਲ ਬਣਾਉਣ ਵਿੱਚ ਆਰੀਆ ਕਾਲਜ ਦੀ ਕਿਰਨਜੀਤ ਕੌਰ, ਟੋਕਰੀ ਬਣਾਉਣ ਵਿੱਚ ਰਾਮਗੜ੍ਹੀਆ ਕਾਲਜ ਦੀ ਲਵਪ੍ਰੀਤ ਕੌਰ ਨੇ ਪਹਿਲੇ ਇਨਾਮ ਜਿੱਤੇ।