ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੁੱਗ ਪੁਰਸ਼ ਭਗਤ ਪੂਰਨ ਸਿੰਘ

07:05 AM Jun 12, 2024 IST
‘ਪਿਆਰੇ’ ਨਾਲ ਭਗਤ ਪੂਰਨ ਸਿੰਘ।

ਦਰਸ਼ਨ ਸਿੰਘ ਪ੍ਰੀਤੀਮਾਨ

Advertisement

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਸਾਧਾਂ, ਸੰਤਾਂ, ਰਿਸ਼ੀਆਂ, ਮੁਨੀਆਂ, ਵਿਗਿਆਨੀਆਂ, ਸਾਹਿਤਕਾਰਾਂ, ਕਲਾਕਾਰਾਂ, ਸੂਰਮਿਆਂ ਅਤੇ ਯੋਧਿਆਂ ਦੀ ਧਰਤੀ ਹੈ। ਇਸ ਧਰਤੀ ’ਤੇ ਹਰ ਤਰ੍ਹਾਂ ਦੇ ਇਨਸਾਨ ਨੇ ਜਨਮ ਲਿਆ। ਆਪਣੇ ਲਈ ਜਿਊਣ ਵਾਲੇ ਇਨਸਾਨ, ਆਪਣੇ ਘਰ-ਬਾਰ ਦੇ ਜੀਆਂ ਲਈ ਜਿਊਣ ਵਾਲੇ, ਆਪਣੇ ਪਿੰਡ-ਸ਼ਹਿਰ ਲਈ ਜਿਊਣ ਵਾਲੇ, ਆਪਣੇ ਧਰਮ ਲਈ ਜਿਊਣ ਵਾਲੇ ਅਤੇ ਆਪਣੇ ਦੇਸ਼ ਲਈ ਜਿਊਣ ਵਾਲੇ ਇਨਸਾਨ ਪੈਦਾ ਹੁੰਦੇ ਹਨ ਪਰ ਟਾਵਾਂ ਵਿਰਲਾ ਹੀ ਅਜਿਹਾ ਇਨਸਾਨ ਹੁੰਦਾ ਹੈ ਜੋ ਸਮੁੱਚੀ ਮਨੁੱਖਤਾ ਲਈ ਜਿਉਣ ਦੀ ਤਾਂਘ ਰੱਖਦਾ ਹੋਵੇ ਅਤੇ ਸਰਬੱਤ ਦਾ ਭਲਾ ਲੋਚਦਾ ਹੋਵੇ। ਸਮੁੱਚੇ ਸਮਾਜ ਦਾ ਭਲਾ ਸੋਚਣ ਵਾਲਾ ਮਨੁੱਖ ਹੀ ਇਨਸਾਨੀਅਤ ਲਈ ਮਸੀਹਾ ਹੁੰਦਾ ਹੈ। ਅਜਿਹੇ ਹੀ ਇੱਕ ‘ਦੇਵਤੇ’ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਨੇ ਦੁਨੀਆ ’ਚ ਮਾਨਵਤਾ ਦੀ ਸੇਵਾ ਦਾ ਬਿਗਲ ਵਜਾਇਆ।
ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲਾਲਾ ਸ਼ਿੱਬੂਮਲ ਅਤੇ ਮਹਿਤਾਬ ਕੌਰ ਦੇ ਘਰ ਖੰਨਾ ਸ਼ਹਿਰ ਨੇੜੇ ਪਿੰਡ ਰਾਜੇਵਾਲ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਜ਼ਿਮੀਦਾਰ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਸੀ ਤੇ ਪਿਤਾ ਵਪਾਰ ਕਰਦਾ ਸੀ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਮ ਰਾਮ ਜੀ ਦਾਸ ਸੀ। ਗੁਰਦੁਆਰਿਆਂ ਦੇ ਸਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਿਆ। ਗਿਆਨੀ ਕਰਤਾਰ ਸਿੰਘ ਨੇ ਪੂਰਨ ਸਿੰਘ ਦੇ ਨਾਂ ਅੱਗੇ ‘ਭਗਤ’ ਸ਼ਬਦ ਲਗਾ ਕੇ ‘ਭਗਤ ਪੂਰਨ ਸਿੰਘ’ ਬਣਾ ਦਿੱਤਾ।
ਇੱਕ ਦਿਵਿਆਂਗ ਬੱਚੇ ਨੂੰ ਭਗਤ ਪੂਰਨ ਸਿੰਘ ਪਿੱਠ ’ਤੇ ਚੁੱਕ ਕੇ ਲਾਹੌਰ ਤੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਘੁੰਮਦੇ ਫਿਰਦੇ ਰਹਿੰਦੇ। ਉਹ ਘਰੋ-ਘਰੀਂ ਰੋਟੀਆਂ ਮੰਗਦੇ ਰਹੇ। ਅਨਾਥਾਂ, ਲਾਵਾਰਸਾਂ ਅਤੇ ਬਿਮਾਰਾਂ ਦੀ ਦੇਖ-ਰੇਖ ਕਰਦੇ ਰਹੇ। ਬੁੱਢਿਆਂ ਦਾ ਸਹਾਰਾ ਬਣਦੇ ਰਹੇ। ਹਮੇਸ਼ਾ ਰੇਲ ਗੱਡੀ ਦੇ ਤੀਸਰੇ ਦਰਜੇ ’ਚ ਸਫਰ ਕਰਨ ਵਾਲੇ ਨੇ ਹਮੇਸ਼ਾ ਟਾਂਗੇ, ਰਿਕਸ਼ੇ, ਸਾਈਕਲ ਦੀ ਸਵਾਰੀ ਕੀਤੀ। ਰਾਹ ਵਿੱਚ ਪਿਆ ਪੱਥਰ, ਰੋੜਾ, ਕੱਚ ਦਾ ਟੁਕੜਾ, ਕੂੜਾ ਆਦਿ ਹਮੇਸ਼ਾ ਰਾਹ ’ਚੋਂ ਚੁੱਕ ਦਿੰਦੇ। ਸੁੱਕੀ ਰੋਟੀ ਖਾਣ ਤੇ ਪਾਣੀ ਪੀਣ ਵਾਲੇ ਭਗਤ ਜੀ ਨੇ ਸਾਦਾ ਪਹਿਰਾਵਾ ਪਾਇਆ ਅਤੇ ਸਾਦਾ ਜੀਵਨ ਬਤੀਤ ਕੀਤਾ।
ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਦੇ ਰੋਗੀਆਂ ਨੂੰ ਆਪਣੀ ਸੰਤਾਨ ਸਮਝਦੇ ਸਨ। ਆਪਣੀ ਸੰਤਾਨ ਲਈ ਉਹ ਹਮੇਸ਼ਾ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਨੇ ਪ੍ਰਿੰਟਿੰਗ ਪ੍ਰੈੱਸ ਲਾਈ। ਆਪਣੇ ਪਿੰਗਲਵਾੜੇ ਪਰਿਵਾਰ ਅਤੇ ਸਮਾਜ ਨੂੰ ਜਾਗਰੂਕ ਕਰਨ ਲਈ ਉਹ ਸਾਰਾ ਦਿਨ ਮੁਫ਼ਤ ਕਿਤਾਬਚੇ ਵੰਡਦੇ ਰਹਿੰਦੇ। ਪ੍ਰਦੂਸ਼ਣ ਕਾਰਨ ਵੀ ਉਹ ਬਹੁਤ ਚਿੰਤਤ ਰਹਿੰਦੇ ਸਨ। ਭਗਤ ਜੀ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ’ਤੇ ਹਮਲਾ ਹੋਣ ਮਗਰੋਂ ‘ਪਦਮ ਸ੍ਰੀ’ ਉਪਾਧੀ ਵਾਪਸ ਕਰ ਦਿੱਤੀ। ਉਹ ਸੰਗਤ ਦੇ ਪਿਆਰ ਅਤੇ ਸਤਿਕਾਰ ਨੂੰ ਉਪਾਧੀਆਂ ਨਾਲੋਂ ਵੱਡਾ ਸਮਝਦੇ ਸਨ।
ਭਗਤ ਪੂਰਨ ਸਿੰਘ ਜੀ ਐਵਾਰਡਾਂ, ਇਨਾਮਾਂ ਜਾਂ ਮਸ਼ਹੂਰੀਆਂ ਖਾਤਰ ਮਨੁੱਖਤਾ ਦੀ ਸੇਵਾ ਨਹੀਂ ਸਨ ਕਰਦੇ ਸਗੋਂ ਮਨੁੱਖਤਾ ਦੀ ਸੇਵਾ ਨੂੰ ਉਹ ਆਪਣਾ ਧਰਮ ਸਮਝਦੇ ਸਨ। ਉਨ੍ਹਾਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ 24 ਸਾਲ ਬਿਤਾਏ। ਉਨ੍ਹਾਂ ਦੇ ਕੀਤੇ ਨਿਵੇਕਲੇ ਕੰਮਾਂ ਦੀ ਸੁਗੰਧ ਵਿਸ਼ਵ ਦੇ ਕੋਨੇ-ਕੋਨੇ ਤੱਕ ਪੁੱਜਦੀ ਹੈ। ਭਗਤ ਜੀ ਚੰਗੇ ਲੇਖਕ ਅਤੇ ਚੰਗੇ ਬੁਲਾਰੇ ਵੀ ਸਨ। ਉਨ੍ਹਾਂ ਨੂੰ ਵੱਖ-ਵੱਖ ਵਿਸ਼ਿਆਂ ਦਾ ਗਿਆਨ ਹਾਸਲ ਸੀ। ਉਨ੍ਹਾਂ ਲਾਹੌਰ ਤੇ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਫਿਰਦਿਆਂ ‘ਮਾਸਟਰ ਆਫ ਪੀਪਲਜ਼ ਸਰਵਿਸ’ ਦੀ ਡਿਗਰੀ ਲਈ।
ਭਗਤ ਪੂਰਨ ਸਿੰਘ ਯਤੀਮਾਂ, ਵਿਧਵਾਵਾਂ, ਰੋਗੀਆਂ, ਬੁੱਢਿਆਂ, ਬੇਆਸਰਿਆਂ ਦਾ ਆਸਰਾ ਸਨ। ਉਨ੍ਹਾਂ ਨੇ ਮਨੁੱਖਤਾ ਦੇ ਕਲਿਆਣ ਲਈ ਪਿੰਗਲਵਾੜੇ ਵਰਗੇ ਵੱਡੇ ਕਾਰਜ ਕੀਤੇ। ਅੰਤ 5 ਅਗਸਤ 1992 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਹੁਣ ਬੀਬੀ ਇੰਦਰਜੀਤ ਕੌਰ ਉਨ੍ਹਾਂ ਦੇ ਕਾਰਜਾਂ ਦੀ ਵਾਗਡੋਰ ਸੰਭਾਲ ਰਹੀ ਹੈ। ਭਗਤ ਪੂਰਨ ਸਿੰਘ ਜੀ ਦੇ ਕੀਤੇ ਕਾਰਜਾਂ ਦੀ ਮਹਿਕ ਰਹਿੰਦੀ ਦੁਨੀਆਂ ਤੱਕ ਫੈਲਦੀ ਰਹੇਗੀ।
ਸੰਪਰਕ: 98786-06963

Advertisement
Advertisement