ਨੌਜਵਾਨ ਦੀ ਮੌਤ: ਐੱਸਐੱਸਪੀ ਦਫ਼ਤਰ ਅੱਗੇ ਧਰਨੇ ’ਤੇ ਡਟਿਆ ਪਰਿਵਾਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਜੁਲਾਈ
ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਸੈਂਕੜੇ ਲੋਕ ਤੀਜੇ ਦਨਿ ਵੀ ਇਥੇ ਐਸ.ਐਸ.ਪੀ. ਦਫ਼ਤਰ ਅੱਗੇ ਬੇਮਿਆਦੀ ਰੋਸ ਧਰਨੇ ’ਤੇ ਡਟੇ ਰਹੇ। ਬੁਲਾਰਿਆਂ ਵਲੋਂ ਪੁਲੀਸ ਦੀ ਕਾਰਗੁਜ਼ਾਰੀ ਉਪਰ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਡਟੇ ਰਹਿਣ ਦਾ ਐਲਾਨ ਕੀਤਾ। ਧਰਨਾਕਾਰੀ ਪਿੰਡ ਕਾਂਝਲਾ ਦੇ ਨੌਜਵਾਨ ਲਖਵਿੰਦਰ ਸਿੰਘ ਉਰਫ਼ ਕਾਕਾ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਲਈ ਇੱਕ ਮਹਿਲਾ ਪੁਲੀਸ ਮੁਲਾਜ਼ਮ ਅਤੇ ਇੱਕ ਪੁਲੀਸ ਅਧਿਕਾਰੀ ਨੂੰ ਜਿੰਮੇਵਾਰ ਠਹਿਰਾ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਰੋਸ ਧਰਨੇ ਨੂੰ ਭਾਕਿਯੂ ਡਕੌਂਦਾ ਦੇ ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਬਡਬਰ ਤੇ ਮੱਖਣ ਸਿੰਘ ਭੈਣੀਬਾਘਾ, ਐਕਸ਼ਨ ਕਮੇਟੀ ਕਾਂਝਲਾ ਦੇ ਕਨਵੀਨਰ ਜਗਰਾਜ ਸਿੰਘ ਹਰਦਾਸਪੁਰਾ, ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ, ਬਾਬੂ ਸਿੰਘ ਖੁੱਡੀ ਕਲਾਂ ਪ੍ਰਧਾਨ ਬਲਾਕ ਬਰਨਾਲਾ, ਸੁਖਦੇਵ ਸਿੰਘ ਘਰਾਚੋਂ ਜ਼ਿਲ੍ਹਾ ਖਜ਼ਾਨਚੀ, ਕਰਮਜੀਤ ਸਿੰਘ ਗੰਡੇਵਾਲ ਬਲਾਕ ਪ੍ਰਧਾਨ ਸ਼ੇਰਪੁਰ, ਕੁਲਵਿੰਦਰ ਸਿੰਘ ਉਪਲੀ ਜਨਰਲ ਸਕੱਤਰ ਬਰਨਾਲਾ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਸੰਬੋਧਨ ਕੀਤਾ। ਸਾਹਿਬ ਸਿੰਘ ਬਡਬਰ ਨੇ ਦੱਸਿਆ ਕਿ ਅੱਜ ਐਸ.ਐਸ.ਪੀ. ਸੰਗਰੂਰ ਨਾਲ ਕਰੀਬ ਅੱਧਾ ਘੰਟਾ ਐਕਸ਼ਨ ਕਮੇਟੀ ਵਫ਼ਦ ਦੀ ਮੀਟਿੰਗ ਹੋਈ ਪਰੰਤੂ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਪੁਲੀਸ ਜ਼ੇਰੇ ਦਫ਼ਾ 306 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਭਰੋਸਾ ਦੇ ਰਹੀ ਹੈ ਜਦੋਂ ਕਿ ਐਕਸ਼ਨ ਕਮੇਟੀ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੁਲੀਸ ਅਧਿਕਾਰੀਆਂ ਨਾਲ ਦੋ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਦੋਵੇਂ ਬੇਸਿੱਟਾ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਲਖਵਿੰਦਰ ਸਿੰਘ ਉਰਫ਼ ਕਾਕਾ ਦੀ ਮ੍ਰਿਤਕ ਦੇਹ ਪਿਛਲੇ 9 ਦਨਿਾਂ ਤੋਂ ਪੀਜੀਆਈ ਚੰਡੀਗੜ੍ਹ ਦੀ ਮੌਰਚਰੀ ਵਿਚ ਪਈ ਹੈ। ਜਦੋਂ ਤੱਕ ਕਤਲ ਦੇ ਦੋਸ਼ ਹੇਠ ਕੇਸ ਦਰਜ ਨਹੀਂ ਹੁੰਦਾ, ਉਦੋਂ ਤੱਕ ਨਾ ਤਾਂ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ। ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪੁਲੀਸ ਵਲੋਂ ਕਤਲ ਦੇ ਦੋਸ਼ ਹੇਠ ਕੇਸ ਦਰਜ ਨਾ ਕੀਤਾ ਤਾਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਪੁੱਜ ਰਹੇ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲਖਵਿੰਦਰ ਸਿੰਘ ਉਰਫ਼ ਕਾਕਾ ਬੀਤੀ 12 ਜੁਲਾਈ ਨੂੰ ਸਵੇਰੇ ਗੁਰਦੁਆਰਾ ਮਸਤੂਆਣਾ ਸਾਹਿਬ ਅੱਗੇ ਕਾਰ ’ਚ ਜ਼ਖ਼ਮੀ ਹਾਲਤ ’ਚ ਮਿਲਿਆ ਸੀ ਜਿਸਦੇ ਸਿਰ ’ਚ ਗੋਲੀ ਲੱਗੀ ਸੀ। ਇਲਾਜ ਦੌਰਾਨ ਉਸਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ ਸੀ।