ਭਾਰਤ ਨੂੰ ਵਿਕਸਤ ਦੇਸ਼ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣਗੇ ਨੌਜਵਾਨ: ਪੁਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਸਤੰਬਰ
ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਵਿੱਚ ਬਦਲਣ ਵਿੱਚ ਫੈਸਲਾਕੁਨ ਭੂਮਿਕਾ ਨਿਭਾਏਗੀ। ਅੱਜ ਐੱਨਡੀਐੱਮਸੀ ਕਨਵੈਨਸ਼ਨ ਸੈਂਟਰ (ਨਵੀਂ ਦਿੱਲੀ) ਵਿਖੇ ਇਹ ਗੱਲਬਾਤ ਉਨ੍ਹਾਂ ਨੌਜਵਾਨਾਂ ਨਾਲ ਹੋਈ ਜਿਨ੍ਹਾਂ ਨੇ ਹਾਲ ਹੀ ਵਿੱਚ ‘ਯੁਵਾ ਅਨਸਟੋਪੇਬਲ’ ਪਹਿਲਕਦਮੀ ਦੇ ਹਿੱਸੇ ਵਜੋਂ ਮੋਬਾਈਲ ਟੈਬਲੈੱਟ ਪ੍ਰਾਪਤ ਕੀਤੇ ਹਨ। ਇਸ ਦੌਰਾਨ ਨੌਜਵਾਨਾਂ ’ਚ ਡਿਜੀਟਲ ਪਾੜੇ ਨੂੰ ਪੂਰਨ ਦੀ ਵਚਨਬੱਧਤਾ ਉਜਾਗਰ ਕੀਤੀ ਗਈ। ਭਾਰਤ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਨੌਜਵਾਨਾਂ ਵਿੱਚ ਡਿਜੀਟਲ ਸਾਖਰਤਾ ਤੇ ਵਿਦਿਅਕ ਪਹੁੰਚ ਨੂੰ ਉਤਸ਼ਾਹਿਤ ਕਰਨਾ ਹੈ। ਪੁਰੀ ਨੇ ਕਿਹਾ ਕਿ ਨੌਜਵਾਨ ਦਿਮਾਗਾਂ ਨੂੰ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਸ਼ਕਤੀਕਰਨ ਕੀਤਾ ਜਾਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਦੁਨੀਆ ਦੀਆਂ ਮੋਹਰੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਰੁਜ਼ਗਾਰ ਭਾਲਣ ਵਾਲੀ ਨਹੀਂ ਸਗੋਂ ਰੁਜ਼ਗਾਰ ਸਿਰਜਕ ਹੋਵੇਗੀ। ਯੂਵਾ ਅਨਸਟੋਪੇਬਲ ਇੱਕ ਭਾਰਤ ਤੇ ਯੂਐਸ ਰਜਿਸਟਰਡ ਗੈਰ-ਮੁਨਾਫ਼ਾ ਸੰਸਥਾ ਹੈ ਜਿਸ ਨੇ ਭਾਰਤ ਦੇ 20 ਰਾਜਾਂ ਵਿੱਚ 5000 ਤੋਂ ਵੱਧ ਸਕੂਲਾਂ ਤੇ 6 ਮਿਲੀਅਨ ਨੌਜਵਾਨਾਂ ਨੂੰ ਲਾਭ ਪਹੁੰਚਾਇਆ ਹੈ। ਇਹ ਸੰਸਥਾ 100 ਚੋਟੀ ਦੀਆਂ ਕਾਰਪੋਰੇਟ ਕੰਪਨੀਆਂ ਦੇ ਨਾਲ ਸਰਕਾਰੀ ਸਕੂਲਾਂ ਨੂੰ ਸਫਾਈ, ਪਾਣੀ, ਤਕਨਾਲੋਜੀ ਤੱਕ ਪਹੁੰਚ, ਸਕਾਲਰਸ਼ਿਪ, ਪੋਸ਼ਣ, ਸਿਖਲਾਈ ਆਦਿ ’ਚ ਮਦਦਗਾਰ ਹੈ।