ਭਾਖੜਾ ਨਹਿਰ ਵਿੱਚ ਰੁੜਿ੍ਹਆ ਨੌਜਵਾਨ
ਜਗਮੋਹਨ ਸਿੰਘ
ਘਨੌਲੀ, 24 ਜੁਲਾਈ
ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੇੜੇ ਬੀਤੀ ਰਾਤ ਪਾਣੀ ਪੀਣ ਲਈ ਭਾਖੜਾ ਨਹਿਰ ਵਿੱਚ ਉਤਰਿਆ ਨੌਜਵਾਨ ਪੈਰ ਤਿਲਕਣ ਕਾਰਨ ਨਹਿਰ ਵਿੱਚ ਰੁੜ੍ਹ ਗਿਆ ਜਿਸ ਦਾ ਹਾਲੇ ਤੱਕ ਕੋਈ ਵੀ ਸੁਰਾਗ਼ ਨਹੀਂ ਮਿਲਿਆ।
ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਰਤਾਜ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ (25) ਪੁੱਤਰ ਸੇਵਾ ਸਿੰਘ ਵਾਸੀ ਪਿੰਡ ਬਸੀ ਆਪਣੇ ਸਿੱਖਿਆਰਥੀ ਗੁਰਜੋਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਚਨੌਲੀ ਨਾਲ ਮੋਟਰਸਾਈਕਲ (ਪੀਬੀ16ਈ-2654) ’ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਭਾਖੜਾ ਨਹਿਰ ਦੀ ਪਟੜੀ ਰਾਹੀਂ ਰੂਪਨਗਰ ਵਿਖੇ ਆਪਣੀ ਮਾਤਾ ਦੀ ਦਵਾਈ ਲੈਣ ਜਾ ਰਿਹਾ ਸੀ। ਜਦੋਂ ਉਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਥੋੜਾ ਅੱਗੇ ਲੰਘੇ ਤਾਂ ਜਸਪਾਲ ਸਿੰਘ ਪਾਣੀ ਪੀਣ ਲਈ ਪੌੜੀਆਂ ਰਾਹੀਂ ਨਹਿਰ ਵਿੱਚ ਉੱਤਰ ਗਿਆ। ਜਦੋਂ ਉਹ ਪਾਣੀ ਪੀ ਕੇ ਦੁਬਾਰਾ ਪੌੜ੍ਹੀਆਂ ਚੜ੍ਹਨ ਲੱਗਿਆ ਤਾਂ ਉਸ ਦਾ ਅਚਾਨਕ ਪੈਰ ਤਿਲਕ ਜਾਣ ਕਾਰਨ ਉਹ ਨਹਿਰ ਦੇ ਪਾਣੀ ਵਿੱਚ ਰੁੜ੍ਹ ਗਿਆ। ਉਸ ਦੇ ਸਾਥੀ ਗੁਰਜੋਤ ਸਿੰਘ ਵੱਲੋਂ ਰੌਲਾ ਪਾਉਣ ’ਤੇ ਮੌਕੇ ਊੱਤੇ ਪਹੁੰਚੇ ਭਾਖੜਾ ਨਹਿਰ ਦੇ ਪੁਲ ਦੀ ਰਾਖੀ ਲਈ ਤੈਨਾਤ ਹੋਮਗਾਰਡ ਦੇ ਜਵਾਨਾਂ ਨੇ ਰੱਸਿਆਂ ਦੀ ਮੱਦਦ ਨਾਲ ਨੌਜਵਾਨ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਉਹ ਨੌਜਵਾਨ ਨੂੰ ਨਹਿਰ ਤੋਂ ਬਾਹਰ ਕੱਢਣ ਵਿੱਚ ਅਸਫਲ ਰਹੇ। ਜਸਪਾਲ ਸਿੰਘ ਨੇ ਬੀ.ਏ. ਕਰਨ ਤੋਂ ਬਾਅਦ ਈ.ਟੀ.ਟੀ. ਕੀਤੀ ਹੋਈ ਸੀ ਅਤੇ ਗੁਰਜੋਤ ਸਿੰਘ ਉਸ ਕੋਲ ਟਿਊਸ਼ਨ ਪੜ੍ਹਦਾ ਸੀ।