ਬਲਟਾਣਾ ’ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਹਰਜੀਤ ਸਿੰਘ
ਜ਼ੀਰਕਪੁਰ, 4 ਫਰਵਰੀ
ਇਥੋਂ ਦੇ ਬਲਟਾਣਾ ਮੇਨ ਬਾਜ਼ਾਰ ’ਚ ਸੋਮਵਾਰ ਰਾਤ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪੰਚਕੂਲਾ ਦੇ ਰਹਿਣ ਵਾਲੇ 17 ਸਾਲਾ ਕ੍ਰਿਸ਼ ਵਜੋਂ ਹੋਈ ਹੈ। ਇਸ ਘਟਨਾ ’ਚ ਉਸ ਦਾ ਦੋਸਤ ਪ੍ਰਿੰਸ ਜ਼ਖ਼ਮੀ ਹੋ ਗਿਆ। ਪ੍ਰਿੰਸ ਦੀ ਜਾਨ ਬਚ ਗਈ ਹੈ ਅਤੇ ਉਹ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਕ੍ਰਿਸ਼ ਦੇ ਪਿਤਾ ਰਾਕੇਸ਼ ਨੇਗੀ ਨੇ ਦੱਸਿਆ ਕਿ ਉਸ ਦਾ ਬੇਟਾ ਸੋਮਵਾਰ ਸ਼ਾਮ ਨੂੰ ਘਰੋਂ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬਲਟਾਣਾ ਦੇ ਸੱਤ ਤੋਂ ਅੱਠ ਨੌਜਵਾਨਾਂ ਨਾਲ ਕ੍ਰਿਸ਼ ਅਤੇ ਉਸ ਦੇ ਦੋਸਤ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਤਕਰਾਰ ਐਨੀ ਵੱਧ ਗਈ ਕਿ ਮੁਲਜ਼ਮਾਂ ਨੇ ਦੋਵਾਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਦੋਵੇਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਕ੍ਰਿਸ਼ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਪ੍ਰਿੰਸ ਜ਼ੇਰੇ ਇਲਾਜ ਹੈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮਾਂ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਬਲਟਾਣਾ ਪੁਲੀਸ ਚੌਕੀ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪੁੱਜੀ ਪਰ ਉਦੋਂ ਤੱਕ ਮੁਲਜ਼ਮ ਫਰਾਰ ਹੋ ਚੁੱਕੇ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ‘ਚ ਐੱਫਆਈਆਰ ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।