ਦੋਸਤਾਂ ਵੱਲੋਂ ਨੌਜਵਾਨ ਦਾ ਕਤਲ, ਤਿੰਨ ਗ੍ਰਿਫ਼ਤਾਰ
ਸੰਜੀਵ ਬੱਬੀ
ਚਮਕੌਰ ਸਾਹਿਬ, 25 ਮਈ
ਨਜ਼ਦੀਕੀ ਪਿੰਡ ਕਮਾਲਪੁਰ ਤੇ ਝੱਲੀਆਂ ਨੇੜੇ ਰਹਿੰਦੇ 18 ਸਾਲਾ ਨੌਜਵਾਨ ਦਾ ਉਸ ਦੇ ਦੋਸਤਾਂ ਵੱਲੋਂ ਕਤਲ ਕਰ ਕੇ ਲਾਸ਼ ਨੂੰ ਪਿੰਡ ਭੈਰੋਮਾਜਰਾ ਨੂੰ ਜਾਂਦੀ ਸੜਕ ਦੇ ਕੋਲ ਨਹਿਰ ਸਰਹਿੰਦ ਕੰਢੇ ਸੁੱਟ ਦਿੱਤਾ। ਪੁਲੀਸ ਨੇ ਅੱਜ ਚੌਥੇ ਦਿਨ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਆਸ਼ਿਕ ਅਲੀ (18) ਪੁੱਤਰ ਲਿਆਕਤ ਅਲੀ ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਯਾਮੀਨ ਖਾਨ ਵਾਸੀ ਪਿੰਡ ਕਮਾਲਪੁਰ ਝੱਲੀਆਂ, ਰਸ਼ੀਦ ਅਤੇ ਕਾਲਾ ਵਾਸੀ ਬੱਦੀ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂਰ ਮੁਹੰਮਦ, ਮਾਮ ਹੁਸੈਨ, ਅਲੀ ਹੁਸੈਨ ਅਤੇ ਰਫੀਕ ਨੇ ਦੱਸਿਆ ਕਿ ਮ੍ਰਿਤਕ ਆਸ਼ਿਕ ਅਲੀ ਦੇ ਚਾਚੇ ਦਾ ਵਿਆਹ 21 ਮਈ ਨੂੰ ਸੀ ਅਤੇ ਉਸੇ ਦਿਨ ਉਹ ਲਗਪਗ ਦੁਪਹਿਰ 12 ਵਜੇ ਜਦੋਂ ਆਪਣੀਆਂ ਮੱਝਾਂ ਚਰਾਉਣ ਗਿਆ ਤਾਂ ਉਸੇ ਪਿੰਡ ਦਾ ਦੋਸਤ ਯਾਮੀਨ ਖਾਨ ਉੱਥੇ ਆਇਆ ਅਤੇ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਜਿੱਥੇ ਅੱਗੇ ਉਹ ਆਪਣੇ ਦੋ ਹੋਰ ਦੋਸਤਾਂ ਰਾਸ਼ਿਦ ਅਤੇ ਕਾਲਾ ਨੂੰ ਮਿਲਿਆ। ਉਹ ਤਿੰਨੋਂ ਨੌਜਵਾਨ ਆਸ਼ਿਕ ਅਲੀ ਨੂੰ ਆਪਣੇ ਨਾਲ ਕਿਤੇ ਲੈ ਗਏ, ਜਿੱਥੇ ਉਨ੍ਹਾਂ ਨੇ ਆਸ਼ਿਕ ਅਲੀ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਅੱਧ ਨਗਨ ਹਾਲਤ ਵਿੱਚ ਨਹਿਰ ਕਿਨਾਰੇ ਸੁੱਟ ਦਿੱਤਾ ਅਤੇ ਆਪ ਉਹ ਤਿੰਨੋਂ ਵਿਆਹ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੱਸਿਆ ਕਿ ਜਦੋਂ ਆਸ਼ਿਕ ਅਲੀ ਘਰ ਨਾ ਪੁੱਜਾ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਬਾਅਦ ਵਿੱਚ ਪੁੱਛਗਿੱਛ ਕਰਨ ’ਤੇ ਯਾਸੀਨ ਖਾਨ ਨੇ ਦੱਸਿਆ ਕਿ ਉਹ ਆਸ਼ਿਕ ਅਲੀ ਨੂੰ ਨਾਲ ਲੈ ਗਿਆ ਸੀ। ਜਿੱਥੇ ਅੱਗੇ ਉਹ ਆਪਣੇ ਦੋ ਹੋਰ ਦੋਸਤਾਂ ਰਾਸ਼ਿਦ ਅਤੇ ਕਾਲਾ ਨੂੰ ਮਿਲਿਆ ਸੀ ਅਤੇ ਉਹ ਹੀ ਆਸ਼ਿਕ ਅਲੀ ਨੂੰ ਆਪਣੇ ਨਾਲ ਲੈ ਗਏ ਸਨ। ਜਦੋਂ ਇਸ ਸਬੰਧੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਆਸ਼ਿਕ ਅਲੀ ਦੇ ਤਿੰਨ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।