ਨੌਜਵਾਨ ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ: ਸੰਧਵਾਂ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 20 ਸਤੰਬਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਹੈ ਕਿ ਨੌਜਵਾਨਾਂ ਨੂੰ ਘੱਟੋ-ਘੱਟ ਇੱਕ ਖੇਡ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਜ਼ਰੂਰ ਬਣਾਉਣਾ ਚਾਹੀਦਾ ਹੈ। ਉਹ ਅੱਜ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਸਾਬਕਾ ਡੀਜੀਪੀ ਜੇਪੀ ਅਤਰੇ ਦੀ ਯਾਦ ਵਿੱਚ ਦਸ ਦਿਨਾਂ ਤੋਂ ਚੱਲ ਰਹੇ 29ਵੇਂ ਆਲ ਇੰਡੀਆ ਜੇਪੀ ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਮੌਕੇ ਸੰਬੋਧਨ ਕਰ ਰਹੇ ਸਨ,
ਸਪੀਕਰ ਨੇ ਕਿਹਾ ਕਿ ਖੇਡਾਂ ਇਨਸਾਨ ਵਿਚ ਮੁਕਾਬਲੇ ਦੀ ਭਾਵਨਾ ਤੋਂ ਇਲਾਵਾ ਅਨੁਸਾਸ਼ਨ ਅਤੇ ਅਰੋਗਤਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਖੇਡਾਂ ਵਿੱਚ ਜਿੱਤ ਜਾਂ ਹਾਰ ਮਾਅਨੇ ਨਹੀਂ ਰੱਖਦੀ। ਉਨ੍ਹਾਂ ਪ੍ਰਬੰਧਕਾਂ ਅਤੇ ਸਾਬਕਾ ਡੀਜੀਪੀ ਦੇ ਸਪੁੱਤਰ ਵਿਵੇਕ ਅਤਰੇ ਸਾਬਕਾ ਆਈਏਐਸ ਦੀ ਖੇਡਾਂ ਨੂੰ ਉਤਸ਼ਾਹਿਤ ਕਰਕੇ ਮਹਾਨ ਸ਼ਖ਼ਸੀਅਤ ਨੂੰ ਯਾਦ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਹਰਾਉਣ ਲਈ ਨਸ਼ਿਆਂ ’ਤੇ ਖੇਡਾਂ ਦੀ ਜਿੱਤ ਜ਼ਰੂਰੀ ਹੈ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ, ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਲਟਸ ਨੇ ਦਿੱਲੀ ਚੈਲੰਜਰਜ਼ ਕ੍ਰਿਕਟ ਟੀਮ ਨੂੰ 43 ਦੌੜਾਂ ਨਾਲ ਹਰਾ ਕੇ 29ਵੇਂ ਆਲ ਇੰਡੀਆ ਜੇਪੀ ਅਤਰੇ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤਿਆ।
ਇਸ ਮੌਕੇ ਸ੍ਰੀ ਚੰਦਰਸ਼ੇਖਰ (ਆਈਪੀਐਸ), ਵਿਵੇਕ ਅਤਰੇ (ਸਾਬਕਾ ਆਈਏਐਸ) ਅਤੇ ਟੂਰਨਾਮੈਂਟ ਦੇ ਕਨਵੀਨਰ ਕੈਪਟਨ ਸੁਸ਼ੀਲ ਕਪੂਰ, ਪ੍ਰਬੰਧਕੀ ਸਕੱਤਰ ਡਾ. ਐਚਕੇਬਾਲੀ ਅਤੇ ਟੂਰਨਾਮੈਂਟ ਪ੍ਰਬੰਧਕੀ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ। ਜੇਤੂ ਰਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਲਟਸ ਕ੍ਰਿਕਟ ਟੀਮ ਨੂੰ ਟਰਾਫ਼ੀ ਦੇ ਨਾਲ 3 ਲੱਖ ਅਤੇ ਉਪ ਜੇਤੂ ਦਿੱਲੀ ਚੈਲੰਜਰਜ਼ ਕ੍ਰਿਕਟ ਟੀਮ ਨੂੰ 1.50 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ। ਦਿੱਲੀ ਟੀਮ ਦੇ ਆਯੂਸ਼ ਜਾਮਵਾਲ ਨੂੰ ਟੂਰਨਾਮੈਂਟ ਦਾ ਸਰਵੋਤਮ ਗੇਂਦਬਾਜ਼ ਅਤੇ ਪੰਜਾਬ ਦੇ ਹਰਨੂਰ ਸਿੰਘ ਨੂੰ ਸਰਵੋਤਮ ਬੱਲੇਬਾਜ਼ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ। ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਦਿੱਲੀ ਚੈਲੰਜਰਜ਼ ਕ੍ਰਿਕਟ ਟੀਮ ਦਾ ਲਲਿਤ ਯਾਦਵ ਰਿਹਾ, ਜਿਸ ਨੇ 228 ਦੌੜਾਂ ਬਣਾਈਆਂ ਅਤੇ 5 ਮੈਚਾਂ ਵਿੱਚ 7 ਵਿਕਟਾਂ ਲਈਆਂ। ਫਾਈਨਲ ਮੈਚ ਦਾ ਮੈਨ ਆਫ਼ ਦਾ ਮੈਚ ਪੰਜਾਬ ਦੇ ਸੋਹਰਾਬ ਧਾਲੀਵਾਲ ਨੇ ਜਿੱਤਿਆ। ਸਰਵੋਤਮ ਫੀਲਡਰ ਵੀ ਪੰਜਾਬ ਦਾ ਸਾਹਬਾਜ਼ ਸਿੰਘ ਸੰਧੂ ਰਿਹਾ।