ਬਠਿੰਡਾ ’ਚ ਯੁਵਾ ਸਾਹਿਤ ਪ੍ਰੋਗਰਾਮ ਸਮਾਪਤ
ਪੱਤਰ ਪ੍ਰੇਰਕ
ਬਠਿੰਡਾ, 24 ਨਵੰਬਰ
ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਦੇਸ਼ ਭਰ ਵਿੱਚ ਲਗਾਤਾਰ ਸਾਹਿਤਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਕਨਵੀਨਰ ਡਾ. ਰਵੇਲ ਸਿੰਘ ਦੀ ਅਗਵਾਈ ਹੇਠ ਅੱਜ ਟੀਚਰਜ਼ ਹੋਮ ਬਠਿੰਡਾ ਵਿੱਚ ਯੁਵਾ ਸਾਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੇ ਕੋਆਰਡੀਨੇਟਰ ਜਸਪਾਲ ਮਾਨਖੇੜਾ ਸਨ। ਦੋ ਕਵੀਆਂ ਅਤੇ ਦੋ ਕਹਾਣੀਕਾਰਾਂ ਨੇ ਰਚਨਾ ਪਾਠ ਕੀਤਾ। ਸਭ ਤੋਂ ਪਹਿਲਾਂ ਅਮਨ ਦਾਤੇਵਾਸੀਆ ਨੇ ਆਪਣੀਆਂ ਛੇ ਗ਼ਜ਼ਲਾਂ ਤਰੰਨੁਮ ’ਚ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿਤਾ। ਕਵਿਤਰੀ ਦਵੀ ਸਿੱਧੂ ਨੇ ਨਜ਼ਮਾਂ ਅਤੇ ਕਵਿਤਾਵਾਂ ਪੇਸ਼ ਕਰਕੇ ਖੂਬ ਵਾਹ ਵਾਹ ਖੱਟੀ। ਕਹਾਣੀਕਾਰ ਅਮਰਜੀਤ ਸਿੰਘ ਮਾਨ ਨੇ ਕਹਾਣੀ ‘ਗਤੀ’ ਪੇਸ਼ ਕੀਤੀ ਜਿਸ ਵਿੱਚ ਮਨੁੱਖੀ ਗਤੀ ਪ੍ਰੰਪਰਾ ਨੂੰ ਰੂਪਮਾਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਗੱਲ ਕੀਤੀ। ਦੂਜੇ ਕਹਾਣੀਕਾਰ ਆਗਾਜ਼ਬੀਰ ਨੇ ਕਹਾਣੀ “ਅਣਪਛਾਤਾ ਖਾੜਕੂ” ਪੜ੍ਹ ਕੇ ਸੁਣਾਈ। ਕਹਾਣੀ ਵਿੱਚ ਆਰਥਿਕ ਅਤੇ ਸਮਾਜਿਕ ਤੌਰ ਤੇ ਪਛੜੇ ਪਰਿਵਾਰ ਦੇ ਬੱਚੇ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਬਿਰਤਾਂਤ ਸਿਰਜਿਆ ਗਿਆ ਸੀ। ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਅਤੇ ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਸਭਨਾਂ ਦਾ ਧੰਨਵਾਦ ਕੀਤਾ।