ਅਣਪਛਾਤਿਆਂ ਵੱਲੋਂ ਨੌਜਵਾਨ ਦਾ ਕਤਲ
ਸਤਪਾਲ ਰਾਮਗੜ੍ਹੀਆ
ਪਿਹੋਵਾ, 1 ਅਕਤੂਬਰ
ਗੂਹਲਾ ਰੋਡ ’ਤੇ ਸੰਧੂ ਫਾਰਮ ’ਚ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਘਰ ’ਚ ਦਾਖਲ ਹੋ ਕੇ 35 ਸਾਲਾ ਵਿਅਕਤੀ ਦਾ ਚਾਕੂਆਂ ਨਾਲ ਕਤਲ ਕਰ ਦਿੱਤਾ| ਮ੍ਰਿਤਕ ਦੀ ਪਛਾਣ ਮਸਤਾਨ ਵਜੋਂ ਹੋਈ ਹੈ। ਉਹ ਚਾਰ ਦਿਨ ਪਹਿਲਾਂ ਹੀ ਜਰਮਨੀ ਤੋਂ ਵਾਪਸ ਆਇਆ ਸੀ। ਮਸਤਾਨ ਦੀ ਮਾਤਾ ਜੋਗਿੰਦਰ ਕੌਰ ਵਾਸੀ ਸੰਧੂ ਫਾਰਮ ਮੋਰਥਲੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਵੱਡਾ ਲੜਕਾ ਮਸਤਾਨ ਵਿਆਹ ਤੋਂ ਕਰੀਬ 25 ਦਿਨਾਂ ਬਾਅਦ ਰੁਜ਼ਗਾਰ ਲਈ ਜਰਮਨੀ ਚਲਾ ਗਿਆ। ਔਰਤ ਦਾ ਕਹਿਣਾ ਹੈ ਕਿ ਮਸਤਾਨ ਦਾ ਪਿਤਾ ਅਵਤਾਰ ਸਿੰਘ 20 ਸਾਲਾਂ ਤੋਂ ਮਾਨਸਿਕ ਤੌਰ ’ਤੇ ਬਿਮਾਰ ਹੈ, ਜਦੋਂ ਉਸ ਦੇ ਪਿਤਾ ਦੀ ਸਿਹਤ ਵਿਗੜ ਗਈ ਤਾਂ ਉਸ ਨੇ ਮਸਤਾਨ ਨੂੰ ਜਰਮਨੀ ਤੋਂ ਵਾਪਸ ਬੁਲਾਇਆ। ਉਹ 27 ਸਤੰਬਰ ਨੂੰ ਜਰਮਨੀ ਤੋਂ ਆਪਣੇ ਘਰ ਪਹੁੰਚਿਆ। 29 ਨੂੰ ਉਹ ਆਪਣੇ ਪਿਤਾ ਅਵਤਾਰ ਸਿੰਘ ਲਈ ਮੁਹਾਲੀ ਹਸਪਤਾਲ ਤੋਂ ਦਵਾਈ ਲਿਆਇਆ ਅਤੇ 30 ਸਤੰਬਰ ਦੀ ਰਾਤ ਨੂੰ ਉਹ ਤੇ ਉਸ ਦੀ ਪਤਨੀ ਅੰਜਲੀ ਆਪਣੇ ਕਮਰੇ ਵਿੱਚ ਚਲੇ ਗਏ। ਕਰੀਬ 11:30 ਵਜੇ ਅੰਜਲੀ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਮੂੰਹ ਤੇ ਹੱਥ ਰੁਮਾਲ ਨਾਲ ਬੰਨ੍ਹੇ ਹੋਏ ਸਨ।
ਜਦੋਂ ਉਨ੍ਹਾਂ ਰੁਮਾਲ ਖੋਲ੍ਹਿਆ ਤਾਂ ਅੰਜਲੀ ਨੇ ਦੱਸਿਆ ਕਿ 8 ਤੋਂ 10 ਬਦਮਾਸ਼ ਤੇਜ਼ਧਾਰ ਹਥਿਆਰਾਂ ਨਾਲ ਕਮਰੇ ’ਚ ਦਾਖਲ ਹੋਏ, ਜਿਨ੍ਹਾਂ ਨੇ ਮਸਤਾਨ ’ਤੇ ਹਮਲਾ ਕਰ ਦਿੱਤਾ। ਉਹ ਜਾਂਦੇ ਹੋਏ ਪੰਜ ਹਜ਼ਾਰ ਯੂਰੋ, ਸੋਨੇ ਦੀਆਂ ਵਾਲੀਆਂ ਅਤੇ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਰਕ ਦਿੱਤੀ ਹੈ।