ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਨੌਜਵਾਨ: ਅਮਨ ਅਰੋੜਾ
ਪੱਤਰ ਪ੍ਰੇਰਕ
ਐੱੱਸ.ਏ.ਐੱੱਸ. ਨਗਰ (ਮੁਹਾਲੀ), 5 ਜਨਵਰੀ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਮੌਕੇ ਦੇ ਰਹੀ ਹੈ, ਉਨ੍ਹਾਂ ਨੂੰ ਇਸ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਅੱਠ ਕੈਡਿਟ ਪਿਛਲੇ ਦੋ ਹਫ਼ਤਿਆਂ ਦੌਰਾਨ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ), ਟੈਕਨੀਕਲ ਐਂਟਰੀ ਸਕੀਮ (ਟੀਈਐੱਸ) ਤਹਿਤ ਕੈਡਿਟ ਟਰੇਨਿੰਗ ਵਿੰਗਜ਼ (ਸੀ.ਟੀ.ਡਬਲਿਊ.) ਅਤੇ ਏਅਰ ਫੋਰਸ ਅਕੈਡਮੀ (ਏਐੱਫ਼ਏ) ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਅੱਠ ਕੈਡਿਟਾਂ ਦੇ ਸ਼ਾਮਲ ਹੋਣ ਨਾਲ ਇੰਸਟੀਚਿਊਟ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ 226 ਕੈਡਿਟ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਦੱਸਿਆ ਕਿ ਇੰਸਟੀਚਿਊਟ ਦੇ 147 ਸਾਬਕਾ ਕੈਡਿਟ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਵਜੋਂ ਭਰਤੀ ਹੋਏ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਵਿੱਚ ਚੁਣੇ ਜਾਣ ਵਾਲੇ ਪੰਜ ਕੈਡਿਟਾਂ ਵਿੱਚ ਤੇਜਿੰਦਰਪਾਲ ਸਿੰਘ, ਅਸ਼ਮਿਤ, ਲਕਸ਼ਯ ਕੁਮਾਰ ਸ਼ਰਮਾ, ਵਿਸ਼ਵਾਸ ਮਿੱਤਲ ਅਤੇ ਮੋਕਸ਼ ਸੈਣੀ ਸ਼ਾਮਲ ਹਨ।